
ਐਫਆਈਆਰ ਦਰਜ ਹੋਣ ਮਗਰੋਂ ਹਰਵਿੰਦਰ ਸੋਨੀ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਗੁਰਦਾਸਪੁਰ: ਸ੍ਰੀ ਦਰਬਾਰ ਸਾਹਿਬ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਸਾਬਕਾ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਖ਼ਿਲਾਫ਼ ਗੁਰਦਾਸਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਗੁਰਦਾਸਪੁਰ ਪੁਲਿਸ ਨੇ ਆਈਪੀਸੀ ਦੀ ਧਾਰਾ 295ਏ (ਧਾਰਮਿਕ ਭਾਵਨਾਵਾਂ ਨੂੰ ਭੜਕਾਉਣ), 504 ਅਤੇ 505 ਤਹਿਤ ਮਾਮਲਾ ਦਰਜ ਕੀਤਾ ਹੈ। ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਹਰਵਿੰਦਰ ਸੋਨੀ ਖ਼ਿਲਾਫ਼ ਐਫਆਈਆਰ ਦਰਜ ਕਰਨ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਐਫਆਈਆਰ ਦਰਜ ਹੋਣ ਮਗਰੋਂ ਹਰਵਿੰਦਰ ਸੋਨੀ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਹਰਵਿੰਦਰ ਸੋਨੀ ਵੱਲੋਂ ਸੁਧੀਰ ਸੂਰੀ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਬੰਦ ਦੀ ਕਾਲ ਦੇਣ ਦੌਰਾਨ, ਸਿੱਖਾਂ ਦੇ ਸਰਵਉੱਚ ਅਸਥਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦੁਬਾਰਾ ਢਾਹੁਣ ਦਾ ਧਮਕੀ ਦਿੱਤੀ ਗਈ ਸੀ।
ਇਸ ਬਿਆਨ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਹੈ ਅਤੇ ਇਸ ਮਾਮਲੇ ਬਾਬਤ ਸਿੱਖ ਜੱਥੇਬੰਦੀਆਂ ਅਤੇ ਹੋਰ ਸਮਾਜਿਕ ਸੰਗਠਨ ਵੱਲੋਂ 15 ਨਵੰਬਰ ਦੇ ਦਿਨ ਐੱਸਐੱਸਪੀ ਦਫ਼ਤਰ ਗੁਰਦਾਸਪੁਰ ਵਿਖੇ ਇਕੱਠ ਕਰਕੇ ਸ਼ਾਂਤਮਈ ਧਰਨਾ ਲਗਾਇਆ ਗਿਆ।
ਸਿੱਖ ਜੱਥੇਬੰਦੀਆਂ ਦੇ ਆਗੂਆਂ ਨੇ ਐੱਸਐੱਸਪੀ ਨੂੰ ਇੱਕ ਮੰਗ ਪੱਤਰ ਦਿੱਤਾ ਅਤੇ ਇਤਰਾਜ਼ਯੋਗ ਬਿਆਨਬਾਜ਼ੀ ਦੇ ਦੋਸ਼ੀ ਆਗੂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਦਰਖ਼ਾਸਤ ਦਿੱਤੀ ਗਈ ਸੀ। ਹਾਲਾਂਕਿ ਹਰਵਿੰਦਰ ਸੋਨੀ ਨੇ ਬਾਅਦ ਵਿਚ ਆਪਣੇ ਬਿਆਨ ਲਈ ਮੁਆਫੀ ਵੀ ਮੰਗ ਲਈ ਪਰ ਭਾਰੀ ਵਿਰੋਧ ਦੇ ਚਲਦਿਆਂ ਬੀਤੇ ਦਿਨ ਸ਼ਿਵ ਸੈਨਾ ਨੇ ਉਸ ਨੂੰ ਪਾਰਟੀ 'ਚੋਂ ਕੱਢ ਦਿੱਤਾ ਸੀ।