
ਨੀਰਜ ਨਾਮ ਦੇ ਨੌਜਵਾਨ ’ਤੇ ਹਮਲਾ ਕਰ ਕੇ ਫਰਾਰ ਹੋਏ ਤਿੰਨ ਨੌਜਵਾਨ
Amritsar Firing: ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਬਲਾਕ-ਡੀ 'ਚ ਵੀਰਵਾਰ ਸਵੇਰੇ ਕੁੱਝ ਲੋਕਾਂ ਨੇ ਕੈਬ ਡਰਾਈਵਰ ਉਤੇ ਗੋਲੀਆਂ ਚਲਾ ਦਿਤੀਆਂ। ਇਸ ਘਟਨਾ ਵਿਚ ਕੈਬ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦਾ ਇਕ ਨਿਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਜ਼ਖਮੀ ਦੀ ਪਛਾਣ ਨੀਰਜ ਕੁਮਾਰ ਵਜੋਂ ਹੋਈ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਕੁੱਝ ਖੋਲ ਵੀ ਬਰਾਮਦ ਕੀਤੇ ਹਨ। ਦਸਿਆ ਜਾ ਰਿਹਾ ਹੈ ਕਿ ਡੇਢ ਸਾਲ ਪਹਿਲਾਂ ਵੀ ਕਿਸੇ ਨੇ ਉਸ 'ਤੇ ਗੋਲੀਆਂ ਚਲਾਈਆਂ ਸਨ। ਇਸ ਤੋਂ ਇਲਾਵਾ ਕਰੀਬ 9 ਮਹੀਨੇ ਪਹਿਲਾਂ ਉਸ ਦੀ ਕਿਸੇ ਨਾਲ ਲੜਾਈ ਹੋ ਗਈ ਸੀ ਅਤੇ ਉਹ ਜੇਲ ਵੀ ਗਿਆ ਸੀ। ਪੁਲਿਸ ਸਾਰੇ ਪਹਿਲੂਆਂ ਦੀ ਜਾਂਚ ਵਿਚ ਜੁਟੀ ਹੈ। ਪੁਲਿਸ ਹਮਲਾਵਰਾਂ ਦੀ ਵੀ ਭਾਲ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਕਰੀਬ 8 ਵਜੇ ਕੈਬ ਚਾਲਕ ਨੀਰਜ ਕੁਮਾਰ ਕਿਸੇ ਕੰਮ ਲਈ ਜਾ ਰਿਹਾ ਸੀ। ਰਣਜੀਤ ਐਵੀਨਿਊ 'ਤੇ ਬੇਅੰਤ ਪਾਰਕ ਨੇੜੇ ਕੁੱਝ ਲੋਕਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ 'ਤੇ 3 ਤੋਂ 4 ਗੋਲੀਆਂ ਚਲਾ ਦਿਤੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਏਸੀਪੀ ਵਰਿੰਦਰ ਖੋਸਾ ਮੌਕੇ 'ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿਤੀ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।
(For more news apart from Amritsar Firing at Cab Driver, stay tuned to Rozana Spokesman)