
ਇਹਨਾਂ ਨੇ ਕੰਮ ਹੀ ਅਜਿਹੇ ਕੀਤੇ ਹਨ ਜਿਸ ਕਰ ਕੇ ਲੋਕ...
ਕਪੂਰਥਲਾ: ਕਪੂਰਥਲਾ ਦੇ ਭੁਲੱਥ ਨੇੜੇ ਪੈਂਦੇ ਇਕ ਪਿੰਡ ਨਿੱਕੀ ਮਯਾਨੀ ਦੇ ਰਹਿਣ ਵਾਲੇ ਇਕਬਾਲ ਸਿੰਘ ਭੱਟੀ ਅੱਜ ਫਰਾਂਸ ਵਿਚ ਭਾਰਤੀ ਮੂਲ ਦੇ ਲੋਕਾਂ ਲਈ ਮਸੀਹਾ ਬਣ ਚੁੱਕੇ ਹਨ। 63 ਸਾਲ ਦੇ ਇਕਬਾਲ ਸਿੰਘ 1991 ਵਿਚ ਫਰਾਂਸ ਗਏ ਸਨ। ਇੱਥੇ ਉਹਨਾਂ ਨੇ ਪਹਿਲਾਂ ਰਾਜਮਿਸਤਰੀ ਦਾ ਕੰਮ ਕੀਤਾ ਅਤੇ ਅੱਜ ਕੱਲ੍ਹ ਇਕ ਸਟੋਰ ਤੇ ਸੇਲਸਮੈਨ ਦੇ ਤੌਰ ਤੇ ਕੰਮ ਕਰ ਰਹੇ ਹਨ। ਉਹ ਅਪਣੇ ਕੰਮਾਂ ਕਰ ਕੇ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾ ਚੁੱਕੇ ਹਨ ਅਤੇ ਲੋਕ ਉਹਨਾਂ ਨੂੰ ਮਸੀਹਾ ਮੰਨਣ ਲੱਗ ਗਏ ਹਨ।
Iqbal Singh Bhatti
ਜੀ ਹਾਂ ਇਹਨਾਂ ਨੇ ਕੰਮ ਹੀ ਅਜਿਹੇ ਕੀਤੇ ਹਨ ਜਿਸ ਕਰ ਕੇ ਲੋਕ ਉਹਨਾਂ ਦਾ ਧੰਨਵਾਦ ਕਰਦੇ ਨਹੀਂ ਥਕਦੇ। ਉਨ੍ਹਾਂ ਨੇ 16 ਸਾਲ ਪਹਿਲਾਂ ਲਾਵਾਰਿਸ ਲਾਸ਼ਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਵਦੇਸ਼ ਭੇਜਣ ਦਾ ਮਿਸ਼ਨ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ ਉਹ 130 ਲਾਸ਼ਾਂ ਨੂੰ ਭਾਰਤ ਭਿਜਵਾ ਚੁੱਕੇ ਹਨ। ਹੁਣ ਫਰਾਂਸ ਸਰਕਾਰ ਵੀ ਉਨ੍ਹਾਂ ਦਾ ਲੋਹਾ ਮੰਨਣ ਨੂੰ ਮਜਬੂਰ ਹੋ ਗਈ ਹੈ। ਇਹੀ ਕਾਰਨ ਹੈ ਕਿ ਫਰਾਂਸ 'ਚ ਜਦੋਂ ਵੀ ਕਿਸੇ ਭਾਰਤੀ ਮੂਲ ਦੇ ਵਿਅਕਤੀ ਦੀ ਲਾਵਾਰਿਸ ਲਾਸ਼ ਮਿਲਦੀ ਹੈ ਤਾਂ ਸਭ ਤੋਂ ਪਹਿਲਾਂ ਇਕਬਾਲ ਸਿੰਘ ਨੂੰ ਫੋਨ ਕੀਤਾ ਜਾਂਦਾ ਹੈ।
Photo
ਪੁਲਸ ਉਨ੍ਹਾਂ ਦੀ ਮਦਦ ਲੈ ਕੇ ਲਾਸ਼ ਦੀ ਪਛਾਣ ਕਰਦੀ ਹੈ। 2003 ਵਿਚ ਫਰਾਂਸ ਚ ਭੁਲੱਥ ਦਾ ਨੌਜਵਾਨ ਸੁਖਵਿੰਦਰ ਸਿੰਘ ਲਾਪਤਾ ਹੋ ਗਿਆ ਸੀ। ਉੱਥੇ ਬਣੇ ਹਰ ਗੁਰਦੁਆਰੇ ਵਿਚ ਅਨਾਊਂਸਮੈਂਟ ਹੋਣ ਲੱਗੀ। ਇਸ ਘਟਨਾ ਤੋਂ ਉਹਨਾਂ ਦੇ ਦੋਸਤ ਅਤੇ ਹੋਰ ਰਿਸ਼ਤੇਦਾਰ ਕਾਫੀ ਦੁਖੀ ਸਨ। ਉਹਨਾਂ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਉਹਨਾਂ ਦੇ ਜੀਵਨ ਦਾ ਮਕਸਦ ਹੀ ਬਦਲ ਦਿੱਤਾ। ਸੁਖਵਿੰਦਰ ਨੇ ਸਿਆਸੀ ਸ਼ਰਨ ਲਈ ਫਰਾਂਸ ਸਰਕਾਰ ਨੂੰ ਅਪੀਲ ਕਰ ਰੱਖੀ ਸੀ।
Photo
ਸੁਖਵਿੰਦਰ ਨੂੰ ਲੈ ਕੇ ਉਨ੍ਹਾਂ ਦੇ ਅੰਦਰ ਦਰਦ ਉੱਠਿਆ ਅਤੇ ਉਨ੍ਹਾਂ ਨੇ ਖੋਜਬੀਣ ਸ਼ੁਰੂ ਕੀਤੀ। ਇਸ ਦੇ ਬਾਅਦ ਪੈਰਿਸ ਤੋਂ ਲਗਭਗ 1500 ਕਿਲੋਮੀਟਰ ਦੂਰ ਪੁਰਤਗਾਲ ਬਾਰਡਰ ਤੋਂ ਉਨ੍ਹਾਂ ਨੇ ਸੁਖਵਿੰਦਰ ਦੀ ਲਾਸ਼ ਲੱਭੀ। ਭਾਲ ਕਰਨ ਦੇ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਹਮੇਸ਼ਾ ਚਾਈਨੀਜ਼ ਲੜਕੀ ਨਾਲ ਮੁਲਾਕਾਤ ਕਰਨ ਲਈ ਕਲੱਬ ਵਿਚ ਜਾਂਦਾ ਸੀ। ਉਹ ਉਸ ਨੂੰ ਲੱਭਦੇ ਹੋਏ ਕਲੱਬ ਵਿਚ ਪਹੁੰਚੇ ਅਤੇ ਮੈਨੇਜਰ ਨੂੰ ਅਪਣਾ ਫੋਨ ਨੰਬਰ ਦੇ ਕੇ ਕਿਹਾ ਕਿ ਜੇ ਚਾਈਨੀਜ਼ ਲੜਕੀ ਮਿਲੇ ਤਾਂ ਉਸ ਨਾਲ ਉਹਨਾਂ ਦੀ ਗੱਲ ਕਰਵਾ ਦਿੱਤੀ ਜਾਵੇ।
Iqbal Singh Bhatti
ਜਦੋਂ ਥੋੜੇ ਦਿਨ ਬੀਤੇ ਤਾਂ ਉਹਨਾਂ ਨੂੰ ਚਾਈਨੀਜ਼ ਲੜਕੀ ਦਾ ਫੋਨ ਆਇਆ। ਉਸ ਨੇ ਦਸਿਆ ਕਿ ਸੁਖਵਿੰਦਰ ਗੈਰ-ਕਨੂੰਨੀ ਤਰੀਕੇ ਨਾਲ ਫਰਾਂਸ ਆਇਆ ਸੀ ਅਤੇ ਸਰਕਾਰ ਨੇ ਉਸ ਨੂੰ ਪੁਰਤਗਾਲ ਬਾਰਡਰ ਤੇ ਭੇਜ ਦਿੱਤਾ ਸੀ। ਰਾਤ 11 ਵਜੇ ਭੱਟੀ ਨੇ ਅਪਣੀ ਕਾਰ ਚੁੱਕੀ ਅਤੇ ਸੁਖਵਿੰਦਰ ਦੀ ਭਾਲ ਲਈ ਪੁਰਤਗਾਲ ਬਾਰਡਰ ਵੱਲ ਚਲੇ ਗਏ। ਫਿਰ ਉਹਨਾਂ ਨੂੰ ਪਤਾ ਚੱਲਿਆ ਕਿ ਉਹ ਸਰਕਾਰੀ ਘਰ ਵਿਚ ਰੁਕਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ।
ਘਰ ਦੇ ਮੈਨੇਜਰ ਨੂੰ ਸੁਖਵਿੰਦਰ ਕੋਲੋਂ ਕੋਈ ਫੋਨ ਨੰਬਰ ਨਹੀਂ ਮਿਲਿਆ, ਜਿਸ ਨਾਲ ਉਸ ਦੀ ਪਛਾਣ ਹੋ ਸਕੇ। ਫਿਰ ਉਸ ਦੇ ਘਰਦਿਆਂ ਨਾਲ ਸੰਪਰਕ ਕੀਤਾ ਗਿਆ ਅਤੇ ਘਟਨਾ ਬਾਰੇ ਦਸਿਆ ਗਿਆ। ਫਿਰ ਸੁਖਵਿੰਦਰ ਦੀ ਮਾਂ ਅਤੇ ਜੀਜੇ ਨੂੰ ਫਰਾਂਸ ਵਿਚ ਬੁਲਾਇਆ ਗਿਆ ਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਹਨਾਂ ਦਸਿਆ ਕਿ ਅਜਿਹਾ ਕਰਨ ਵਿਚ ਬਹੁਤ ਸਾਰੀਆਂ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ।
Photo
ਉਨ੍ਹਾਂ ਦੀ ਸੰਸਥਾ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਕਰਦੀ ਹੈ ਅਤੇ ਉਸ ਦੇ ਦਸਤਾਵੇਜ਼, ਪਰਿਵਾਰ ਦੇ ਨਾਲ ਫੋਟੋ ਅਤੇ ਤਮਾਮ ਦਸਤਾਵੇਜ਼ਾਂ ਦਾ ਬੰਦੋਬਸਤ ਕਰਦੀ ਹੈ। ਕਈ ਮਹੀਨਿਆਂ ਤੋਂ ਬਾਅਦ ਮ੍ਰਿਤਕ ਦੀ ਦੇਹ ਨੂੰ ਰਜਿਸਟਰ ਕੀਤਾ ਜਾਂਦਾ ਹੈ।
ਰਜਿਸਟ੍ਰੇਸ਼ਨ ਤੋਂ ਬਅਦ ਦੋ ਰਸਤੇ ਹੁੰਦੇ ਹਨ ਜਾਂ ਉਸ ਦੀ ਲਾਸ਼ ਭੇਜੀ ਜਾਵੇ ਜਾਂ ਫਿਰ ਉਸ ਦਾ ਸਸਕਾਰ ਕਰਕੇ ਕਲਸ਼ 'ਚ ਅਸਥੀਆਂ ਪਾ ਕੇ ਭਾਰਤ ਰਵਾਨਾ ਕੀਤੀਆਂ ਜਾਣ। ਜੇ ਅਸਥੀਆਂ ਭੇਜਣੀਆਂ ਹੁੰਦੀਆਂ ਹਨ ਤਾਂ ਕਲਸ਼ ਨੂੰ ਸੀਲ ਕੀਤਾ ਜਾਂਦਾ ਹੈ ਅਤੇ ਜੇ ਸੀਲ ਟੁੱਟ ਜਾਵੇ ਤਾਂ ਘਟੋ-ਘਟ 6 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਹੈ। ਇਸ ਕਰ ਕੇ ਇਸ ਕੰਮ ਨੂੰ ਬਹੁਤ ਸਾਵਧਾਨੀ ਨਾਲ ਕੀਤਾ ਜਾਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।