
ਆਪਣੇ ਪਿਤਾ ਨਾਲ ਘਰ ਜਾ ਰਿਹਾ ਸੀ ਉਦੈਵੀਰ ਸਿੰਘ
ਮਾਨਸਾ: ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਵਿਚ ਇਕ 6 ਸਾਲਾ ਬੱਚੇ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਘਟਨਾ ਵੀਰਵਾਰ ਦੇਰ ਰਾਤ ਦੀ ਹੈ। ਦੋ ਬੁਲੇਟ ਸਵਾਰਾਂ ਨੇ ਪਿਤਾ ਅਤੇ ਭੈਣ ਦਾ ਹੱਥ ਫੜ ਕੇ ਪੈਦਲ ਜਾ ਰਹੇ 6 ਸਾਲ ਦੇ ਬੱਚੇ ਨੂੰ ਗੋਲੀ ਮਾਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਇਹ ਗੋਲੀਆਂ ਪਿਤਾ ਲਈ ਸਨ ਪਰ ਨਿਸ਼ਾਨਾ 6 ਸਾਲ ਦਾ ਬੱਚਾ ਬਣ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਬੱਚੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ: ਮਹਿਲਾਵਾਂ ਵਿਰੁਧ ਅਪਰਾਧ ਦੇ ਪਿਛਲੇ 5 ਸਾਲਾਂ ’ਚ ਦਰਜ ਹੋਏ 1 ਕਰੋੜ ਮਾਮਲੇ
ਪਿਤਾ ਜਸਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ 6 ਸਾਲਾ ਪੁੱਤਰ ਉਦੈਵੀਰ ਸਿੰਘ ਅਤੇ ਧੀ ਨਾਲ ਪਿੰਡ ਦੀ ਸੜਕ ’ਤੇ ਜਾ ਰਿਹਾ ਸੀ। ਉਦੋਂ ਦੋ ਨੌਜਵਾਨ ਬੁਲੇਟ ਮੋਟਰਸਾਈਕਲ ’ਤੇ ਆਏ। ਮੋਟਰਸਾਈਕਲ ਸਵਾਰ ਨੌਜਵਾਨ ਨੇ ਉਹਨਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹ ਤਾਂ ਬਚ ਗਿਆ ਪਰ ਗੋਲੀਆਂ ਉਸ ਦੇ 6 ਸਾਲਾ ਬੇਟੇ ਨੂੰ ਲੱਗ ਗਈਆਂ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਦੈਵੀਰ ਦੀ ਭੈਣ ਗੁਰਸੀਰਤ ਕੌਰ (11) ਦੇ ਵੀ ਗੋਲੀਆਂ ਦੇ ਛਰਲੇ ਲੱਗੇ ਹਨ ਅਤੇ ਉਸ ਦਾ ਪੀਜੀਆਈ ਵਿਚ ਇਲਾਜ ਜਾਰੀ ਹੈ।
ਇਹ ਵੀ ਪੜ੍ਹੋ: ਈਰਾਨ ’ਚ ਸਕੂਲੀ ਵਿਦਿਆਰਥਣਾਂ ਨੂੰ ਜ਼ਹਿਰ ਦੇਣ ਦੇ ਸ਼ੱਕ ’ਚ 110 ਗ੍ਰਿਫ਼ਤਾਰ
ਘਟਨਾ ਤੋਂ ਬਾਅਦ ਪਿਤਾ ਤੁਰੰਤ ਆਪਣੇ ਬੱਚੇ ਨੂੰ ਸਿਵਲ ਹਸਪਤਾਲ ਲੈ ਗਏ। ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੇ ਬਾਅਦ ਤੋਂ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। 6 ਸਾਲਾ ਬੱਚੇ ਦਾ ਪੋਸਟਮਾਰਟਮ ਸ਼ੁੱਕਰਵਾਰ ਸਵੇਰੇ ਕੀਤਾ ਜਾਵੇਗਾ। ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਨਸਾ ਤੇ ਆਸਪਾਸ ਦੇ ਇਲਾਕਿਆਂ 'ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।