
ਸਰਕਾਰ-ਸਨਅਤਕਾਰ ਮਿਲਣੀ ਦਾ ਉਦੇਸ਼ ਉਦਯੋਗ ਨਾਲ ਜੁੜੀਆਂ ਸਮੱਸਿਆਵਾਂ ਹੱਲ ਕਰਨਾ
ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਉਦਯੋਗਪਤੀਆਂ ਨੂੰ ਪ੍ਰੇਸ਼ਾਨ ਕਰਨ ਦਾ ਯੁੱਗ ਹੁਣ ਖਤਮ ਹੋ ਚੁੱਕਾ ਹੈ ਅਤੇ ਸੂਬਾ ਸਰਕਾਰ ਹੁਣ ਉਦਯੋਗਿਕ ਖੇਤਰ ਲਈ ਪੁਲ ਵਾਂਗ ਕੰਮ ਕਰ ਰਹੀ ਹੈ।
'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ‘ਸਰਕਾਰ-ਸਨਅਤਕਾਰ ਮਿਲਣੀ’ ਦੌਰਾਨ ਇੱਥੇ ਕਾਰੋਬਾਰੀ ਦਿੱਗਜ਼ਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਸਨਅਤਕਾਰਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਸੀ ਪਰ ਹੁਣ ਕੋਈ ਵੀ ਉਦਯੋਗਪਤੀਆਂ ਨੂੰ ਪ੍ਰੇਸ਼ਾਨ ਨਹੀਂ ਕਰ ਰਿਹਾ ਸਗੋਂ ਸੂਬਾ ਸਰਕਾਰ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਉਦਯੋਗ ਨੂੰ ਸਹੂਲਤਾਂ ਦੇਣ ਲਈ ਪਹਿਲਾਂ ਹੀ ਵੱਡੇ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਅੱਜ ਉਦਯੋਗਿਕ ਵਿਕਾਸ ਵਿੱਚ ਮੋਹਰੀ ਸੂਬਾ ਬਣ ਕੇ ਉਭਰਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਿਹਤ, ਸਿੱਖਿਆ ਅਤੇ ਰੋਜ਼ਗਾਰ ਦੇ ਮੁੱਖ ਮੁੱਦਿਆਂ ਨੂੰ ਸਾਹਮਣੇ ਲਿਆਉਣ ਦਾ ਸਿਹਰਾ ਅਰਵਿੰਦ ਕੇਜਰੀਵਾਲ ਨੂੰ ਜਾਂਦਾ ਹੈ, ਜਿਨ੍ਹਾਂ ਨੇ ਰਵਾਇਤੀ ਪਾਰਟੀਆਂ ਨੂੰ ਆਪਣਾ ਏਜੰਡਾ ਬਦਲਣ ਲਈ ਮਜਬੂਰ ਕੀਤਾ। ਉਨ੍ਹਾਂ ਕਿਹਾ ਕਿ 'ਆਪ' ਮਿਸ਼ਨ ਵਾਂਗ ਕੰਮ ਕਰ ਰਹੀ ਹੈ ਜਦੋਂ ਕਿ ਪਿਛਲੀਆਂ ਸਰਕਾਰਾਂ ਕਮਿਸ਼ਨ 'ਤੇ ਕੰਮ ਕਰਦੀਆਂ ਸਨ, ਜੋ ਕਿ ਪੂਰੀ ਤਰ੍ਹਾਂ ਗੈਰ-ਵਾਜਬ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਤੰਤਰ ਵਿੱਚ ਜਨਤਾ ਸਭ ਤੋਂ ਉੱਪਰ ਹੈ ਅਤੇ ਇਸੇ ਲਈ ਸੂਬਾ ਸਰਕਾਰ ਲੋਕਾਂ ਦੀ ਆਵਾਜ਼ ਨੂੰ ਬਹੁਤ ਮਹੱਤਵ ਦਿੰਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਅਜਿਹੀਆਂ ਮਿਲਣੀਆਂ ਕਦੇ ਨਹੀਂ ਹੋਈਆਂ ਸਗੋਂ ਉਹ ਆਗੂ ਲੋਕਾਂ ਨਾਲ ਸਿਰਫ਼ ਇਕਪਾਸੜ ਸੰਚਾਰ ਕਰਦੇ ਸਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਨੀਤੀਆਂ ਬਣਾਉਣ ਲਈ ਮੁੱਖ ਮੰਤਰੀ ਅਤੇ ਮੰਤਰੀਆਂ ਨਾਲ ਸਿੱਧੀ ਗੱਲਬਾਤ ਕਰ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬੇਮਿਸਾਲ ਕਦਮ ਹੈ ਕਿਉਂਕਿ ਲੋਕਾਂ ਨੂੰ ਹੁਣ ਸੂਬੇ ਵਿੱਚ ਫੈਸਲੇ ਲੈਣ ਦੀ ਸ਼ਕਤੀ ਮਿਲ ਗਈ ਹੈ।
ਮੁੱਖ ਮੰਤਰੀ ਨੇ ਲੁਧਿਆਣਾ ਨਾਲ ਸਾਲ 1990 ਦੇ ਦਹਾਕੇ ਤੋਂ ਆਪਣੀ ਲੰਮੀ ਸਾਂਝ ਨੂੰ ਚੇਤੇ ਕੀਤਾ ਜਦੋਂ ਉਹ ਇੱਕ ਕਲਾਕਾਰ ਵਜੋਂ ਸੰਘਰਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਸ਼ਹਿਰ ਸੂਬੇ ਦੀ ਆਰਥਿਕ ਰਾਜਧਾਨੀ ਹੈ ਜੋ ਇੱਥੇ ਰੋਜ਼ਾਨਾ ਕੰਮ ਕਰਨ ਵਾਲੇ ਲੱਖਾਂ ਲੋਕਾਂ ਨੂੰ ਭੋਜਨ ਦਿੰਦਾ ਹੈ। ਭਗਵੰਤ ਸਿੰਘ ਮਾਨ ਨੇ ਲੁਧਿਆਣਾ ਨੂੰ ਆਪਣੀ 'ਕਰਮ ਭੂਮੀ' ਦੱਸਦਿਆਂ ਸ਼ਹਿਰ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ, ਭਾਵੇਂ ਉਹ ਉਦਯੋਗ ਹੋਵੇ, ਖੇਤੀਬਾੜੀ ਹੋਵੇ ਜਾਂ ਹੋਰ। ਉਨ੍ਹਾਂ ਕਿਹਾ ਕਿ ਖੇਤੀਬਾੜੀ ਪੈਦਾਵਾਰ ਦਾ ਕੀਮਤ ਵਿੱਚ ਵਾਧਾ ਸਮੇਂ ਦੀ ਲੋੜ ਹੈ ਅਤੇ ਸੂਬੇ ਦਾ ਭਵਿੱਖ ਇਸ ਉਤੇ ਹੀ ਮੁਨੱਸਰ ਹੈ। ਭਗਵੰਤ ਸਿੰਘ ਮਾਨ ਨੇ ਸੂਬੇ ਨੂੰ ਵਿਕਾਸ ਦੇ ਰਾਹ 'ਤੇ ਪਾਉਣ ਲਈ ਉਦਯੋਗ ਅਤੇ ਖੇਤੀਬਾੜੀ ਨਾਲ ਗੂੜੇ ਸਬੰਧਾਂ ਦੀ ਵਕਾਲਤ ਕੀਤੀ।