
'ਆਪ' ਨੇ ਤੁਰੰਤ ਵਿਸ਼ੇਸ਼ ਗਿਰਦਾਵਰੀ ਦੀ ਮੰਗ ਕੀਤੀ
ਚੰਡੀਗੜ੍ਹ : ਬੇਮੌਸਮੀ ਬਾਰਸ਼, ਝੱਖੜ ਅਤੇ ਗੜੇਮਾਰੀ ਕਾਰਨ ਕਣਕ ਦੀ ਤਿਆਰ ਖੜੀ ਫ਼ਸਲ ਸਮੇਤ ਹੋਰ ਫ਼ਸਲਾਂ ਅਤੇ ਬਾਗ਼ਾਂ ਦੇ ਹੋਏ ਭਾਰੀ ਨੁਕਸਾਨ ਦੀ ਪੂਰਤੀ ਲਈ ਕੈਪਟਨ ਸਰਕਾਰ ਤੁਰੰਤ ਵਿਸ਼ੇਸ਼ ਗਿਰਦਾਵਰੀ ਅਤੇ 100 ਫ਼ੀਸਦੀ ਮੁਆਵਜ਼ੇ ਦਾ ਪ੍ਰਬੰਧ ਕਰੇ। ਇਹ ਮੰਗ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੀਤੀ।
Harpal Singh Cheema
ਚੀਮਾ ਨੇ ਕਿਹਾ ਕਿ ਪੱਕੀ ਫ਼ਸਲ 'ਤੇ ਅਜਿਹੀ ਕੁਦਰਤੀ ਮਾਰ ਨੇ ਕਿਸਾਨਾਂ ਨੂੰ ਹੋਰ ਨਿਰਾਸ਼ਾ ਵੱਲ ਧੱਕ ਦਿੱਤਾ ਹੈ, ਜੋ ਪਹਿਲਾਂ ਹੀ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਜ਼ਬਰਦਸਤ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਚੀਮਾ ਨੇ ਕਿਹਾ ਕਿ ਪ੍ਰਾਪਤ ਰਿਪੋਰਟਾਂ ਮੁਤਾਬਕ ਰੋਪੜ, ਜਲੰਧਰ, ਪਟਿਆਲਾ, ਫ਼ਾਜ਼ਿਲਕਾ, ਕਪੂਰਥਲਾ ਅਤੇ ਬਠਿੰਡਾ ਆਦਿ ਜ਼ਿਲ੍ਹਿਆਂ 'ਚ ਹਜ਼ਾਰਾਂ ਏਕੜ 'ਚ ਕਰੋੜਾਂ ਰੁਪਏ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਬਹੁਤ ਥਾਵਾਂ 'ਤੇ ਫ਼ਸਲ 100 ਫ਼ੀਸਦੀ ਨੁਕਸਾਨੀ ਗਈ। ਕੁਦਰਤ ਦੀ ਇਸ ਕਰੋਪੀ ਅਤੇ ਸਰਕਾਰਾਂ ਦੀ ਬੇਰੁਖ਼ੀ ਕਾਰਨ ਰੋਪੜ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ ਦੇ ਕਿਸਾਨਾਂ ਨੂੰ ਮੁਆਵਜ਼ੇ ਲਈ ਸੜਕਾਂ 'ਤੇ ਉਤਰਨਾ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਦੀ 2000 ਏਕੜ ਤੋਂ ਵੱਧ ਫ਼ਸਲ ਤਬਾਹ ਹੋ ਗਈ।
Wheat crop damaged by strong winds and rains
ਚੀਮਾ ਨੇ ਕਿਹਾ ਕਿ ਇਸ ਔਖੀ ਘੜੀ ਮੌਕੇ ਜੇ ਕੈਪਟਨ ਸਰਕਾਰ ਥੋੜ੍ਹੀ ਬਹੁਤ ਵੀ ਸੰਜੀਦਾ ਹੈ ਤਾਂ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੀ ਫ਼ਸਲ ਦਾ 100 ਫ਼ੀਸਦੀ ਮੁਆਵਜ਼ੇ ਦੇਵੇ ਤਾਂ ਕਿ ਕਿਸਾਨ ਧਰਨੇ ਪ੍ਰਦਰਸ਼ਨਾਂ ਨੂੰ ਮਜਬੂਰ ਨਾ ਹੋਣ। ਉਨ੍ਹਾਂ ਕਿਹਾ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੇ ਕੇਂਦਰ ਅਤੇ ਸੂਬੇ 'ਚ ਲੰਮਾ ਸਮਾਂ ਰਾਜ ਕੀਤਾ ਹੈ ਪਰ ਕਿਸਾਨਾਂ ਪੱਖੀ ਅਤੇ ਫ਼ਸਲੀ ਬੀਮਾ ਯੋਜਨਾ ਨਹੀਂ ਦੇ ਸਕੀਆਂ। ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਸਬਕ ਸਿੱਖੇ, ਜਿਸ ਨੇ ਅਜਿਹੀ ਸਥਿਤੀ 'ਚ ਪ੍ਰਤੀ ਏਕੜ 20 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਸੀ। ਕੈਪਟਨ ਸਰਕਾਰ ਕਿਸਾਨਾਂ ਨੂੰ ਨੁਕਸਾਨ ਦਾ 100 ਫ਼ੀਸਦੀ ਮੁਆਵਜ਼ਾ ਯਕੀਨੀ ਬਣਾਵੇ।