
'ਆਪ' ਨੇ ਗ੍ਰਹਿ ਮੰਤਰੀ ਵਜੋਂ ਕੈਪਟਨ ਅਮਰਿੰਦਰ ਸਿੰਘ ਦਾ ਮੰਗਿਆ ਅਸਤੀਫ਼ਾ
ਚੰਡੀਗੜ੍ਹ : ਖਰੜ ਵਿਖੇ ਇੱਕ ਮਹਿਲਾ ਡਰੱਗ ਇੰਸਪੈਕਟਰ ਦੀ ਦਿਨ-ਦਿਹਾੜੇ ਹੋਈ ਹੱਤਿਆ 'ਤੇ ਗਹਿਰਾ ਦੁੱਖ ਜਤਾਉਂਦੇ ਹੋਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਅੰਦਰ ਕਾਨੂੰਨ-ਵਿਵਸਥਾ ਬਦ ਤੋਂ ਬਦਤਰ ਸਥਿਤੀ ਤਕ ਪਹੁੰਚ ਚੁੱਕੀ ਹੈ। ਇਸ ਲਈ ਕੋਈ ਹੋਰ ਨਹੀਂ ਬਲਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਜ਼ਿੰਮੇਵਾਰ ਹਨ, ਜੋ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ।
'ਆਪ' ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਅੰਦਰ ਅਪਰਾਧੀ ਬੇਖ਼ੌਫ ਘੁੰਮ ਰਹੇ ਹਨ। ਬੇਲੋੜੇ ਸਿਆਸੀ ਦਖ਼ਲ ਅਤੇ ਅਤਿ ਦਰਜੇ ਦੇ ਭ੍ਰਿਸ਼ਟਾਚਾਰ ਕਾਰਨ ਸਮੁੱਚਾ ਪ੍ਰਸ਼ਾਸਨ ਅਤੇ ਪੁਲਿਸ ਤੰਤਰ ਨਕਾਰਾ ਹੋ ਚੁੱਕਿਆ ਹੈ। ਚੀਮਾ ਨੇ ਕਿਹਾ ਹੈਰਾਨੀਜਨਕ ਤਾਂ ਇਹ ਹੈ ਜਿੱਥੇ ਅਪਰਾਧੀ ਬੇਖ਼ੌਫ਼ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਉੱਥੇ ਕਾਨੂੰਨ ਨੂੰ ਮੰਨਣ ਵਾਲਾ ਆਮ ਨਾਗਰਿਕ ਡਰ ਅਤੇ ਭੈਅ ਦੇ ਮਾਹੌਲ ਵਿੱਚ ਜੀਅ ਰਿਹਾ ਹੈ। ਸ਼ਰੇਆਮ ਚੈਨੀਆਂ ਝਪਟੀਆਂ ਜਾ ਰਹੀਆਂ ਹਨ, ਕਾਰਾਂ ਖੋਹੀਆਂ ਜਾ ਰਹੀਆਂ ਹਨ, ਬੈਂਕ ਲੁੱਟੇ ਜਾ ਰਹੇ ਹਨ, ਡਕੈਤੀਆਂ ਹੋ ਰਹੀਆਂ ਹਨ, ਫ਼ਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਦਿਨ-ਦਿਹਾੜੇ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ। ਇੰਜ ਜਾਪਦਾ ਹੈ ਜਿਵੇਂ ਸੂਬੇ ਅੰਦਰ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਘੇਰਦੇ ਹੋਏ ਚੀਮਾ ਨੇ ਕਿਹਾ ਕਿ ਪਿਛਲੀ ਬਾਦਲ ਸਰਕਾਰ ਵਾਂਗ ਕਾਂਗਰਸ ਸਰਕਾਰ ਵੀ ਅਪਰਾਧੀਆਂ ਨੂੰ ਸਰਪ੍ਰਸਤੀ ਦੇ ਰਹੀ ਹੈ। ਸੈਂਕੜੇ ਭਗੌੜੇ ਕਰਾਰ ਅਪਰਾਧੀ ਪੁਲਸ ਦੀਆਂ ਅੱਖਾਂ ਸਾਹਮਣੇ ਸਿਆਸੀ ਪੁਸ਼ਤ-ਪਨਾਹੀ ਮਾਣ ਰਹੇ ਹਨ। ਇਸ ਲਈ ਕੋਈ ਹੋਰ ਨਹੀਂ ਬਲਕਿ ਖ਼ੁਦ ਗ੍ਰਹਿ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਪਰਾਧੀਆਂ ਲਈ ਮਹਿਲਾਵਾਂ ਸਭ ਤੋਂ ਕਮਜ਼ੋਰ ਕੜੀ ਹਨ। ਖਰੜ ਵਿਖੇ ਮਹਿਲਾ ਡਰੱਗ ਇੰਸਪੈਕਟਰ ਦਾ ਦਿਨ-ਦਿਹਾੜੇ ਹੋਇਆ ਕਤਲ ਇਸੇ ਕੜੀ ਦਾ ਹਿੱਸਾ ਹੈ। ਅਜਿਹੀਆਂ ਦਰਦਨਾਕ ਵਾਰਦਾਤਾਂ ਪੂਰੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਦੀਆਂ ਹਨ। ਇਸ ਲਈ ਸਰਕਾਰ ਅਪਰਾਧੀਆਂ ਨੂੰ ਬਿਨਾਂ ਦੇਰੀ ਗ੍ਰਿਫ਼ਤਾਰ ਕਰੇ ਅਤੇ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਵੇ।