
ਪਾਕਿਸਤਾਨੀ ਤਸਕਰਾਂ ਵੱਲੋਂ ਮਾਲ ਗੱਡੀ ਦੇ ਡੱਬਿਆਂ ਦੀਆਂ ਬਰੇਕਾਂ ਵਿਚ ਹੈਰੋਇਨ ਲੁਕਾ ਕੇ ਭਾਰਤ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਲੰਧਰ: ਪਾਕਿਸਤਾਨੀ ਤਸਕਰਾਂ ਵੱਲੋਂ ਮਾਲ ਗੱਡੀ ਦੇ ਡੱਬਿਆਂ ਦੀਆਂ ਬਰੇਕਾਂ ਵਿਚ ਹੈਰੋਇਨ ਲੁਕਾ ਕੇ ਭਾਰਤ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਲੰਧਰ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਬੀਤੀ ਰਾਤ ਜਲੰਧਰ ਪੁਲਿਸ ਵੱਲੋਂ ਪਾਕਿਸਤਾਨ ਤੋਂ ਆਈ ਇਕ ਖਾਲੀ ਮਾਲ ਗੱਡੀ ਵਿਚੋਂ 1 ਕਿੱਲੋ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
Drugs
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਧਰਮਿੰਦਰ ਕਲਿਆਣ ਮੁੱਖ ਅਫ਼ਸਰ ਥਾਣਾ ਜੀ.ਆਰ.ਪੀ. ਜਲੰਧਰ ਨੇ ਦੱਸਿਆ ਕਿ ਰਾਤ ਦੇ ਸਮੇਂ ਜਦੋਂ ਕਰਮਚਾਰੀ ਰੇਲਵੇ ਸਟੇਸ਼ਨ ‘ਤੇ ਪਾਕਿਸਤਾਨ ਵੱਲੋਂ ਆਈ ਮਾਲ-ਗੱਡੀ ਦੇ ਡੱਬਿਆਂ ਦੀਆਂ ਬਰੇਕਾਂ ਦੀ ਜਾਂਚ ਕਰ ਰਹੇ ਸਨ ਤਾਂ ਉਹਨਾਂ ਨੂੰ ਬਰੇਕ ਦੀ ਪਾਈਪ ਵਿਚੋਂ ਇਕ ਰਬੜ ਦੀ ਫਲੈਕਸੀਬਲ ਪਾਈਪ ਮਿਲੀ। ਇਸ ਦੌਰਾਨ ਜਦੋਂ ਜਲੰਧਰ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਰਬੜ ਪਾਈਪ ਨੂੰ ਖੋਲ ਕੇ ਉਸਦੀ ਜਾਂਚ ਕੀਤੀ ਤਾਂ ਉਸ ਵਿਚੋਂ 1 ਕਿੱਲੋ ਅਤੇ 200 ਗ੍ਰਾਮ ਹੈਰੋਇਨ ਬਰਾਮਦ ਹੋਈ।
Jalandhar police
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਤੋਂ ਬਾਅਦ ਅਣਪਛਾਤੇ ਵਿਅਕਤੀ ਵਿਰੁੱਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਨੂੰ ਇਕ ਹੋਰ ਸਫਲਤਾ ਮਿਲੀ ਹੈ, ਜਿਸ ਵਿਚ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ 255 ਗ੍ਰਾਮ ਹੈਰੋਇਨ ਅਤੇ 78000 ਰੁਪਏ ਦੀ ਨਗਦੀ ਸਮੇਤ ਇਕ ਵਿਅਕਤੀ ਨੂੰ ਕਾਬੂ ਵੀ ਕੀਤਾ ਹੈ।
NDPS Act
ਦੱਸ ਦਈਏ ਕਿ ਭਾਰਤ ਵਿਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ਭਾਰਤ ਵਿਚ ਪੰਜਾਬ ਸਮੇਤ ਹੋਰ ਕਈ ਸੂਬਿਆਂ ਵਿਚ ਕਈ ਤਰ੍ਹਾਂ ਦੇ ਨਸ਼ੇ ਆਦਿ ਫੜੇ ਜਾ ਰਹੇ ਹਨ। ਜਿੱਥੇ ਇੱਕ ਪਾਸੇ ਪੰਜਾਬ ਪੁਲਿਸ ਵੱਲੋਂ ਵੱਡੀ ਮਾਤਰਾ ਵਿਚ ਨਸ਼ਾ ਅਤੇ ਨਗਦੀ ਬਰਾਮਦ ਕੀਤੀ ਗਈ ਹੈ, ਉਥੇ ਹੀ ਕੌਮੀ ਪੱਧਰ ਉਤੇ ਵੀ ਇਹ ਸਿਲਸਿਲਾ ਲਗਾਤਾਰ ਜਾਰੀ ਹੈ।