
19 ਅਪ੍ਰੈਲ ਨੂੰ ਹੋਣ ਜਾ ਰਹੀ ਕਿਸਾਨ ਮਹਾਂ ਸਭਾ ਵਿਚ ਲੋਕਾਂ ਦੀ ਸ਼ਮੂਲੀਅਤ ਲਈ ਕੱਢਿਆ ਗਿਆ ਮਾਰਚ
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਕਿਸਾਨ ਮਜ਼ਦੂਰ ਨੌਜਵਾਨ ਸਭਾ ਵੱਲੋਂ 19 ਅਪ੍ਰੈਲ ਨੂੰ ਅੰਮ੍ਰਿਤਸਰ ਵਿਚ ਅਜਨਾਲਾ ਦੇ ਪਿੰਡ ਕੁੱਕੜਾਵਾਲਾ ਵਿਚ ਕਰਵਾਈ ਜਾ ਰਹੀ ਕਿਸਾਨ ਮਹਾਂ ਸਭਾ ਵਿਚ ਸ਼ਹਿਰ ਵਾਸੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਲਈ ਅਤੇ ਉਹਨਾਂ ਨੂੰ ਜਾਗਰੂਕ ਕਰਨ ਲਈ ਅਦਾਕਾਰਾ ਸੋਨੀਆ ਮਾਨ ਅਤੇ ਸਥਾਨਕ ਕਿਸਾਨ ਆਗੂਆਂ ਵੱਲੋਂ ਮਾਰਚ ਕੱਢਿਆ ਗਿਆ।
Farmers
ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲੋਕਾਂ ਨੂੰ ਕਿਸਾਨ ਮਹਾਂ ਸਭਾ ਨਾਲ ਜੁੜਨ ਦੀ ਅਪੀਲ ਕੀਤੀ ਗਈ। ਦੱਸ ਦਈਏ ਕਿ ਇਸ ਕਿਸਾਨ ਮਹਾਂ ਸਭਾ ਵਿਚ ਜਿੱਥੇ ਵੱਡੇ ਕਿਸਾਨ ਆਗੂ ਸ਼ਿਰਕਤ ਕਰ ਰਹੇ ਹਨ ਤਾਂ ਉਥੇ ਹੀ ਪੰਜਾਬ ਦੇ ਮਸ਼ਹੂਰ ਗਾਇਕ ਵੀ ਅਪਣਾ ਯੋਗਦਾਨ ਪਾਉਣਗੇ।
Farmers
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਦਾਕਾਰਾ ਸੋਨੀਆ ਮਾਨ ਨੇ ਕਿਹਾ ਕਿ ਕਿਸਾਨ ਭਾਈਚਾਰੇ ਨੂੰ ਹੋਰ ਮਜ਼ਬੂਤੀ ਦੇਣ ਲਈ 19 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਕੁੱਕੜਾਵਾਲਾ ਸਟੇਡੀਅਮ ਵਿਖੇ ਇਕ ਵਿਸ਼ਾਲ ਕਿਸਾਨ ਮਜ਼ਦੂਰ ਨੌਜਵਾਨ ਮਹਾਂ ਸਭਾ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ।
Farmers
ਇਸ ਦਾ ਮੁੱਖ ਟੀਚਾ ਮਾਝੇ ਦੇ ਲੋਕਾਂ ਨੂੰ ਕਿਸਾਨ ਅੰਦੋਲਨ ਨਾਲ ਜੋੜ ਕੇ ਅੰਦੋਲਨ ਨੂੰ ਹੋਰ ਬਲ ਦੇਣਾ ਹੈ। ਉਹਨਾਂ ਕਿਹਾ ਕਿ ਅਸੀਂ ਇਸ ਕਿਸਾਨ ਮਹਾਂ ਸਭਾ ਜ਼ਰੀਏ ਕੇਂਦਰ ਸਰਕਾਰ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਮਾਝੇ ਦੇ ਲੋਕ ਕਿਸਾਨੀ ਅੰਦੋਲਨ ਦੇ ਨਾਲ ਹਨ ਤੇ ਅਸੀਂ ਮਿਲ ਕੇ ਇਸ ਸੰਘਰਸ਼ ਵਿਚ ਜਿੱਤ ਹਾਸਲ ਕਰਾਂਗੇ।