
ਉਮੀਦਵਾਰਾਂ ਨੇ ਵੋਟਾਂ ਦੀਆਂ ਗਿਣਤੀਆਂ-ਮਿਣਤੀਆਂ ਕੀਤੀਆਂ ਸ਼ੁਰੂ
ਚੰਡੀਗੜ੍ਹ : ਚੋਣ ਪ੍ਰਚਾਰ ਦੇ ਆਖ਼ਰੀ ਦਿਨ ਅੱਜ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਪੰਜਾਬ ਦੇ ਸਾਰੇ ਹੀ ਹਲਕਿਆਂ ਵਿਚ ਚੋਣ ਪ੍ਰਚਾਰ ਲਈ ਪੂਰੀ ਤਾਕਤ ਲਗਾ ਦਿਤੀ ਹੈ। ਸਾਰੇ ਹੀ ਹਲਕਿਆਂ ਵਿਚ ਅੱਜ ਰੈਲੀਆਂ ਅਤੇ ਰੋਡ ਸ਼ੋਅ ਕੀਤੇ ਗਏ। ਖ਼ਾਸ ਕਰ ਕੇ ਹਲਕਾ ਪਟਿਆਲਾ, ਸੰਗਰੂਰ, ਬਠਿੰਡਾ, ਫ਼ਿਰੋਜ਼ਪੁਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਗੁਰਦਾਸਪੁਰ ਹਲਕਿਆਂ ਦੇ ਕਈ ਹਿਸਿਆਂ ਵਿਚ ਉਮੀਦਵਾਰਾਂ ਨੇ ਜੰਮ ਕੇ ਰੋਡ ਸ਼ੋਅ ਕੱਢ ਕੇ ਅਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ।
Election campaign in Punjab-1
ਅੱਜ ਸ਼ਾਮੀਂ 6 ਵਜੇ ਚੋਣ ਪ੍ਰਚਾਰ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ ਅਤੇ ਮੁੱਖ ਪਰਟੀਆਂ ਦੇ ਉਮੀਦਵਾਰਾਂ ਨੇ ਵੱਖ-ਵੱਖ ਅਸੈਂਬਲੀ ਹਲਕਿਆਂ ਦੇ ਇਨਚਾਰਜਾਂ ਅਤੇ ਸਰਗਰਮ ਵਰਕਰਾਂ ਨਾਲ ਵੋਟਾਂ ਦੀ ਗਿਣਤੀ-ਮਿਣਤੀ ਲਈ ਮੀਟਿੰਗਾਂ ਦਾ ਸਿਲਸਿਲਾ ਅਰੰਭ ਦਿਤਾ। 18 ਮਈ ਦਾ ਦਿਨ ਵੋਟਾਂ ਦੀਆਂ ਗਿਣਤੀਆਂ ਮਿਣਤੀਆਂ ਅਤੇ ਕਮੀ ਵਾਲੇ ਮੁਹੱਲਿਆਂ-ਗਲੀਆਂ ਦੇ ਵੋਟਰਾਂ ਨੂੰ ਭਰਮਾਉਣ ਲਈ ਆਰ-ਪਾਰ ਤਕ ਪਹੁੰਚ ਬਣਾਉਣ ਦੀ ਕੋਸ਼ਿਸ਼ ਹੋਵੇਗੀ। ਮੁੱਖ ਪਾਰਟੀਆਂ ਦੇ ਉਮੀਦਵਾਰ ਵੋਟਰਾਂ ਨੂੰ ਭਰਮਾਉਣ ਲਈ ਪੂਰਾ ਤਾਣ ਵੀ ਲਾਉਣਗੇ।
Election campaign in Punjab-2
ਉਧਰ ਚੋਣ ਕਮਿਸ਼ਨ ਨੇ ਵੀ ਪੰਜਾਬ ਦੇ ਅੱਧੀ ਦਰਜਨ ਹਲਕਿਆਂ ਬਠਿੰਡਾ, ਫ਼ਿਰੋਜ਼ਪੁਰ, ਪਟਿਆਲਾ, ਗੁਰਦਾਸਪੁਰ, ਲੁਧਿਆਣਾ ਅਤੇ ਸੰਗਰੂਰ ਉਪਰ ਤਿੱਖੀ ਨਜ਼ਰ ਬਣਾਈ ਹੋਈ ਹੈ। ਇਨ੍ਹਾਂ ਹਲਕਿਆਂ ਨੂੰ ਚੋਣ ਕਮਿਸ਼ਨ ਨੇ ਸੰਜੀਦਾ ਕਰਾਰ ਦੇ ਦਿਤਾ ਹੈ। ਕਮਿਸ਼ਨ ਇਸ ਗੱਲ ਦਾ ਵੀ ਧਿਆਨ ਰੱਖ ਰਹੀ ਹੈ ਕਿ ਵੋਟਰਾਂ ਦੀ ਖ਼ਰੀਦੋ-ਫ਼ਰੋਖ਼ਤ ਨਾ ਹੋਵੇ। ਕੁਝ ਹਲਕਿਆਂ ਵਿਚ ਸ਼ੰਕਾ ਜਤਾਈ ਜਾ ਰਹੀ ਹੈ ਕਿ ਉਥੇ ਵੋਟਰਾਂ ਦੀ ਖ਼ਰੀਦ ਕੀਤੀ ਜਾ ਸਕਦੀ ਹੈ।
Election campaign in Punjab-3
ਪ੍ਰਚਾਰ ਦੇ ਆਖ਼ਰੀ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਵਿਚ ਸਰਗਰਮ ਰਹੇ। ਪਰਕਾਸ਼ ਸਿੰਘ ਬਾਦਲ ਵੀ ਅੱਜ ਬਠਿੰਡਾ ਹਲਕੇ ਵਿਚ ਗੇੜੇ ਕੱਢਦੇ ਰਹੇ। ਇਸੇ ਤਰ੍ਹਾਂ ਕੇਜਰੀਵਾਲ ਅਤੇ ਸੁਖਬੀਰ ਸਿੰਘ ਬਾਦਲ ਵੀ ਸਰਗਰਮ ਰਹੇ। ਚੋਣ ਕਮਿਸ਼ਨ ਨੇ ਅੱਜ 6 ਵਜੇ ਤੋਂ ਬਾਅਦ ਇਲਾਕੇ ਵਿਚ ਆਏ ਬਾਹਰੀ ਵਿਅਕਤੀਆਂ ਨੂੰ ਹਲਕੇ ਤੋਂ ਬਾਹਰ ਜਾਣ ਦੇ ਹੁਕਮ ਵੀ ਦੇ ਦਿਤੇ ਹਨ। ਹੁਣ 19 ਮਈ ਨੂੰ ਸਵੇਰੇ 7 ਵਜੇ ਵੋਟਾਂ ਪੈਣੀਆਂ ਸ਼ੁਰੂ ਹੋਣਗੀਆਂ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਕਰਨਾ ਰਾਜੂ ਨੇ ਕਿਹਾ ਕਿ ਚੋਣਾਂ ਸ਼ਾਂਤੀ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ।
Election campaign in Punjab-4