
ਦੋਸ਼ੀਆਂ ਤੱਕ ਪਹੁੰਚਣ ਲਈ ਪੁਲਿਸ ਖੰਗਾਲ ਰਹੀ ਸੀ.ਸੀ.ਟੀ.ਵੀ. ਕੈਮਰੇ
ਲੁਧਿਆਣਾ: ਇੱਥੇ ਥਾਣਾ ਮੇਹਰਬਾਨ ਅਧੀਨ ਪੈਂਦੇ ਪਿੰਡ ਕਨੀਜਾ ’ਚ ਖੇਤਾਂ ਵਿਚੋਂ ਸਵੇਰੇ ਲਗਭੱਗ 7 ਵਜੇ ਇਕ ਅਣਪਛਾਤੀ ਨਬਾਲਗ ਲੜਕੀ ਦੀ ਲਾਸ਼ ਬਰਾਮਦ ਹੋਣ ਨਾਲ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਪਰਵਾਸੀ ਲੜਕੀ ਦੀ ਉਮਰ ਲਗਭੱਗ 16-17 ਸਾਲ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ, ਲੜਕੀ ਦੀ ਲਾਸ਼ ਨੂੰ ਪਿੰਡ ਕਨੀਜਾ ਦੇ ਸਰਪੰਚ ਅਵਤਾਰ ਸਿੰਘ ਦੇ ਘਰੋਂ ਮਹਿਜ ਸੌ ਗਜ਼ ਦੀ ਦੂਰੀ ’ਤੇ ਸੜਕ ਨਾਲ ਲੱਗਦੇ ਹਰੇ ਚਾਰੇ ਦੇ ਖੇਤ ਵਿਚੋਂ ਬਰਾਮਦ ਕੀਤਾ ਗਿਆ।
Crime
ਲਾਸ਼ ਦੇ ਗਲੇ ’ਤੇ ਨਿਸ਼ਾਨ ਪਾਏ ਗਏ ਹਨ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲੜਕੀ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰੀਰ ’ਤੇ ਹੋਰ ਵੀ ਨਿਸ਼ਾਨ ਪਾਏ ਗਏ ਹਨ। ਲੜਕੀ ਦੀ ਸ਼ਨਾਖ਼ਤ ਲਈ ਪੁਲਿਸ ਵਲੋਂ ਆਸ-ਪਾਸ ਦੇ ਗਲੀ ਮੁਹੱਲਿਆ ਵਿਚ ਅਨਾਊਂਸਮੈਂਟ ਵੀ ਕਰਵਾਈ ਗਈ ਪਰ ਲਾਸ਼ ਦੀ ਸ਼ਨਾਖ਼ਤ ਲਈ ਪਹੁੰਚੇ ਪਰਵਾਸੀ ਲੋਕਾਂ ਤੇ ਹੋਰਨਾਂ ਸਥਾਨਕ ਲੋਕਾਂ ਵਲੋਂ ਲਾਸ਼ ਦੀ ਸ਼ਨਾਖ਼ਤ ਨਹੀਂ ਹੋ ਸਕੀ।
Murder Case
ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਥਾਣਾ ਮੇਹਰਬਾਨ ਇੰਚਾਰਜ ਜਰਨੈਲ ਸਿੰਘ ਵਲੋਂ ਪਿੰਡ ਦੇ ਸਰਪੰਚ ਦੇ ਬਿਆਨਾਂ ਦੇ ਆਧਾਰ ’ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਪੁਲਿਸ ਦੋਸ਼ੀਆਂ ਦੀ ਪਹਿਚਾਣ ਕਰਨ ਲਈ ਨੇੜੇ ਹੀ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਤਾਂ ਜੋ ਦੋਸ਼ੀਆਂ ਤੱਕ ਪਹੁੰਚਿਆ ਜਾ ਸਕੇ। ਫ਼ਿਲਹਾਲ ਪੁਲਿਸ ਵਲੋਂ ਜਾਂਚ ਜਾਰੀ ਹੈ।