
ਅਦਾਲਤ ਨੇ ਅਗਲੇ 30 ਸਾਲਾਂ ਤਕ ਉਨ੍ਹਾਂ ਦੀ ਰਿਹਾਈ 'ਤੇ ਕੋਈ ਸੁਣਵਾਈ ਨਾ ਕਰਨ ਦਾ ਆਦੇਸ਼ ਵੀ ਦਿੱਤਾ
ਲੰਦਨ : ਬ੍ਰਿਟੇਨ 'ਚ ਭਾਰਤੀ ਮੂਲ ਦੇ ਪੰਜਾਬੀ ਨੌਜਵਾਨ ਅਤੇ ਉਸ ਦੇ ਇਕ ਹੋਰ ਸਾਥੀ ਨੂੰ ਮੰਗਲਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਨ੍ਹਾਂ ਵਿਰੁੱਧ ਇਕ ਵਿਦਿਆਰਥੀ ਨੂੰ ਗੋਲੀ ਮਾਰਨ ਦਾ ਦੋਸ਼ ਸਾਬਤ ਹੋਇਆ ਹੈ। ਓਲਡ ਬੇਲੀ ਅਦਾਲਤ ਨੇ ਸਜ਼ਾ ਸੁਣਾਉਂਦਿਆਂ ਕਿਹਾ ਕਿ ਅਗਲੇ 30 ਸਾਲਾਂ ਤਕ ਉਨ੍ਹਾਂ ਦੀ ਰਿਹਾਈ 'ਤੇ ਕੋਈ ਸੁਣਵਾਈ ਨਹੀਂ ਹੋਵੇਗੀ।
Philip Babatunde Fashakin and Juskiran Sidhu
ਜਸਕਿਰਨ ਸਿੱਧੂ (28) ਅਤੇ ਉਸ ਦੇ ਸਾਥੀ ਫਿਲਿਪ ਬਾਬਟੁੰਡੇ ਫਾਸ਼ਕਿਨ (26) ਵਿਚਕਾਰ ਪਿਛਲੇ ਸਾਲ 11 ਅਕਤੂਬਰ ਨੂੰ ਨਸ਼ਾ ਲੈਣ 'ਤੇ ਵਿਵਾਦ ਹੋਇਆ ਸੀ। ਦੋਹਾਂ ਨੇ ਗੁੱਸੇ 'ਚ ਕਾਰ ਵਿਚ ਜਾ ਰਹੇ ਵਿਦਿਆਰਥੀ ਹਾਸ਼ਿਮ ਅਬਦਲ ਅਲੀ (22) ਨੂੰ ਗੋਲੀ ਮਾਰ ਦਿੱਤੀ ਸੀ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਪਿਛਲੇ ਹਫ਼ਤੇ ਅਦਾਲਤ ਨੇ ਸਿੱਧੂ ਅਤੇ ਫਾਸ਼ਕਿਨ ਨੂੰ ਦੋਸ਼ੀ ਠਹਿਰਾਇਆ।
Hashim Ali - File Photo
ਕਾਰ ਚਲਾ ਰਿਹਾ ਅਲੀ ਦਾ ਦੋਸਤ ਘਟਨਾ ਪਿੱਛੋਂ ਕਾਰ ਲੈ ਕੇ ਹਸਪਤਾਲ ਵੱਲ ਭੱਜਿਆ। ਇਸੇ ਦਰਮਿਆਨ ਉਹ ਸੜਕ 'ਤੇ ਪਾਰਕ ਕੀਤੀਆਂ ਕਾਰਾਂ ਨਾਲ ਟਕਰਾ ਗਿਆ। ਉਸ ਨੇ ਰਸਤੇ ਵਿਚ ਗੁਜ਼ਰ ਰਹੀ ਇਕ ਐਂਬੂਲੈਂਸ ਤੋਂ ਮਦਦ ਮੰਗੀ ਪਰ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਅਲੀ ਨੂੰ ਬਚਾ ਨਾ ਸਕਿਆ। ਸੀਸੀਟੀਵੀ ਜਾਂਚ 'ਚ ਪਤਾ ਲੱਗਿਆ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਹਾਂ ਦੋਸ਼ੀਆਂ ਨੇ ਇਕ ਦੁਕਾਨ 'ਚੋਂ ਕਪੜੇ ਖ਼ਰੀਦੇ। ਉਹ ਘਟਨਾ ਸਮੇਂ ਪਹਿਨੇ ਕਪੜੇ ਦੁਕਾਨ ਦੇ ਬਾਹਰ ਰੱਖੇ ਕੂੜੇਦਾਨ 'ਚ ਪਾਉਂਦੇ ਵੀ ਵਿਖਾਈ ਦਿੱਤੇ। ਇਸ ਤੋਂ ਬਾਅਦ ਦੋਵੇਂ ਫ਼ਿਲਮ ਵੇਖਣ ਗਏ। ਪੁਲਿਸ ਨੇ ਉਨ੍ਹਾਂ ਨੂੰ 30 ਅਕਤੂਬਰ 2018 ਨੂੰ ਗ੍ਰਿਫ਼ਤਾਰ ਕੀਤਾ ਸੀ।