
ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਲੌਕਡਾਊਨ ਲਾਗੂ ਕੀਤਾ ਹੋਇਆ ਹੈ।
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਲੌਕਡਾਊਨ ਲਾਗੂ ਕੀਤਾ ਹੋਇਆ ਹੈ। ਇਸ ਦੌਰਾਨ ਪੰਜਾਬ ਵਿਚ 17 ਮਈ ਤੱਕ ਕਰਫਿਊ ਲਾਗੂ ਸੀ, ਹੁਣ ਸਰਕਾਰ ਨੇ ਕਰਫਿਊ ਨੂੰ ਖਤਮ ਕਰ ਦਿੱਤਾ ਹੈ ਪਰ ਇਸ ਦੇ ਬਾਵਜੂਦ 18 ਮਈ ਤੋਂ ਲੈ ਕੇ 31 ਮਈ ਤੱਕ ਪੰਜਾਬ ਵਿਚ ਲੌਕਡਾਊਨ ਰਹੇਗਾ।
Photo
ਇਸ ਦੌਰਾਨ ਸਰਕਾਰ ਵੱਲੋਂ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜੋ ਕਿ ਲੌਕਡਾਊਨ ਦੌਰਾਨ ਜਾਰੀ ਰਹਿਣਗੀਆਂ। ਲੌਕਡਾਊਨ ਦੀ ਪਾਲਣਾ ਕਰਨ ਲਈ ਸਰਕਾਰ ਵੱਲੋਂ ਬਣਾਏ ਗਏ ਨਿਯਮਾਂ ਦੀ ਪਾਲਣਾ ਕਰਨੀ ਹਰ ਕਿਸੇ ਲਈ ਲਾਜ਼ਮੀ ਹੋਵੇਗੀ। ਅਜਿਹਾ ਨਾ ਕਰਨ 'ਤੇ ਭਾਰੀ ਜ਼ੁਰਮਾਨਾ ਭਰਨਾ ਪੈ ਸਕਦਾ ਹੈ।
Photo
ਪੰਜਾਬ ਹੈਲਥ ਸਰਵਿਸਿਜ਼ ਦੀ ਨਿਰਦੇਸ਼ਕ ਡਾਕਟਰ ਅਵਨੀਤ ਕੌਰ ਨੇ ਐਪੀਡੇਮਿਕ ਡਿਜ਼ੀਜ਼ ਐਕਟ 1897 ਦੇ ਨਿਯਮ 12(9) ਤਹਿਤ ਪੂਰੇ ਪੰਜਾਬ ਲਈ ਜ਼ਰੂਰੀ ਨਿਯਮ ਲਾਗੂ ਕੀਤੇ ਹਨ। ਇਹਨਾਂ ਨਿਯਮਾਂ ਦੇ ਤਹਿਤ ਹਰ ਵਿਅਕਤੀ ਲਈ ਜਨਤਕ ਥਾਵਾਂ, ਗਲੀਆਂ, ਦਫ਼ਤਰ, ਬਜ਼ਾਰ ਆਦਿ ਜਾਣ ਸਮੇਂ ਸੂਤੀ ਕੱਪੜੇ ਨਾਲ ਮੂੰਹ ਢਕਣਾ ਜਾਂ ਮਾਸਕ ਪਹਿਨਣਾ ਲਾਜ਼ਮੀ ਹੈ। ਯਾਤਰਾ ਕਰ ਰਹੇ ਵਿਅਕਤੀ ਲਈ ਵੀ ਮਾਸਕ ਲਾਜ਼ਮੀ ਹੈ।
Photo
ਇਸ ਤੋਂ ਇਲਾਵਾ ਦਫ਼ਤਰ ਜਾਂ ਹੋਰ ਕੰਮ ਵਾਲੀਆਂ ਥਾਵਾਂ 'ਤੇ ਵੀ ਮਾਸਕ ਪਾਉਣਾ ਲਾਜ਼ਮੀ ਹੈ। ਮਾਸਕ ਦੇ ਤੌਰ 'ਤੇ ਘਰ ਵਿਚ ਸੂਤੀ ਕੱਪੜੇ ਤੋਂ ਬਣਾਇਆ ਹੋਇਆ ਮਾਸਕ, ਰੁਮਾਲ, ਦੁਪੱਟਾ ਜਾਂ ਪਰਨਾ ਵਰਤਿਆ ਜਾ ਸਕਦਾ ਹੈ। ਜੇਕਰ ਕੋਈ ਵੀ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਕੋਲੋਂ 200 ਰੁਪਏ ਜ਼ੁਰਮਾਨਾ ਵਸੂਲਿਆ ਜਾਵੇਗਾ।
Photo
ਇਸ ਦੇ ਨਾਲ ਹੀ ਜੇਕਰ ਕੋਈ ਵਿਅਕਤੀ ਹੋਮ ਕੁਆਰੰਟੀਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਕੋਲੋਂ 500 ਰੁਪਏ ਜ਼ੁਰਮਾਨੇ ਵਜੋਂ ਲਏ ਜਾਣਗੇ। ਜੇਕਰ ਕੋਈ ਵਿਅਕਤੀ ਜਨਤਕ ਥਾਵਾਂ 'ਤੇ ਥੁੱਕਦਾ ਹੈ ਤਾਂ ਉਸ ਕੋਲੋਂ 100 ਰੁਪਏ ਜ਼ੁਰਮਾਨਾ ਵਸੂਲਿਆ ਜਾਵੇਗਾ। ਇਹਨਾਂ ਸਾਡੇ ਨਿਯਮਾਂ ਨੂੰ ਲਾਗੂ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।