
ਕੈਪਟਨ ਦਾ ਰਵਈਆ ਤਾਨਾਸ਼ਾਹੀ, ਮੋਦੀ ਵਾਂਗ ਸਿਆਸੀ ਵਿਰੋਧੀਆਂ ਨੂੰ ਡਰਾਉਣ ਤੇ ਧਮਕਾਉਣ ’ਤੇ ਹੋਏ ਉਤਾਰੂ
ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਦੇ ਕਾਂਗਰਸੀ ਆਗੂਆਂ ਨੂੰ ਕੋਰੋਨਾ ਮਹਾਮਾਰੀ ਨਾਲ ਲੋਕਾਂ ਦੀ ਜਾਨ ਜਾਣ ਦੀ ਫ਼ਿਕਰ ਨਹੀਂ, ਸਗੋਂ ਕੈਪਟਨ ਅਤੇ ਹੋਰ ਕਾਂਗਰਸੀਆਂ ਨੂੰ ਕੁਰਸੀ ਦੀ ਵੱਧ ਪ੍ਰਵਾਹ ਹੈ । ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਸੱਤਾ ਦੀ ਕੁਰਸੀ ਬਚਾਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੀ ਜਾਨ ਬਚਾਉਣ ਦੀ ਪ੍ਰਵਾਹ ਕਰਨ।
captain Amarinder Singh
ਸੋਮਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਵਿੱਚ ਕੋਰੋਨਾ ਦੀ ਮਾਰ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਹਜ਼ਾਰਾਂ ਲੋਕ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ। ਉਥੇ ਹੀ ਦੂਜੇ ਪਾਸੇ ਕਾਂਗਰਸੀ ਆਗੂਆਂ ਦੀ ਕੁੱਕੜ ਲੜਾਈ ਵੀ ਦਿਨੋਂ ਦਿਨ ਤੇਜ਼ ਹੋ ਰਹੀ ਹੈ।
corona
ਉਨ੍ਹਾਂ ਕਿਹਾ ਹਰ ਰੋਜ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ, ਮੰਤਰੀ ਅਤੇ ਵਿਧਾਇਕ ਇਕ ਦੂਜੇ ਨੂੰ ਦੇਖਣ ਦਿਖਾਉਣ ਦੇ ਲਲਕਾਰੇ ਮਾਰ ਰਹੇ ਹਨ। ਪਰ ਪੰਜਾਬ ਦੇ ਲੋਕ ਕੋਰੋਨਾ ਮਹਾਮਾਰੀ ਨਾਲ ਤੜਪ ਰਹੇ ਹਨ। ਕੈਪਟਨ ਸਰਕਾਰ ਦਾ ਲੋਕਾਂ ਦੀ ਜਾਨ ਬਚਾਉਣ ਵੱਲ ਕੋਈ ਧਿਆਨ ਹੀ ਨਹੀਂ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਰਵਈਆ ਤਾਨਾਸ਼ਾਹੀ ਵਾਲਾ ਹੈ ਅਤੇ ਉਹ ਵੀ ਮੋਦੀ ਵਾਂਗ ਸਿਆਸੀ ਵਿਰੋਧੀਆਂ ਨੂੰ ਡਰਾਉਣ ਤੇ ਧਮਕਾਉਣ ’ਤੇ ਹੋਏ ਉਤਾਰੂ ਹੋ ਗਏ ਹਨ।
Harpal Cheema
ਇਸ ਲਈ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ’ਤੇ ਕਾਨੂੰਨੀ ਕਾਰਵਾਈ ਦਾ ਜਾਲ ਪਾਇਆ ਜਾ ਰਿਹਾ ਹੈ। ਚੀਮਾ ਨੇ ਮੁੱਖ ਮੰਤਰੀ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਜੇਕਰ ਕਿਸੇ ਮੰਤਰੀ ਜਾਂ ਵਿਧਾਇਕ ਖ਼ਿਲਾਫ਼ ਪਹਿਲਾਂ ਤੋਂ ਹੀ ਕੋਈ ਕੇਸ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ? ਕੈਪਟਨ ਅਮਰਿੰਦਰ ਸਿੰਘ ਹੁਣ ਤੱਕ ਉਸ ਮੰਤਰੀ ਜਾਂ ਵਿਧਾਇਕ ਦਾ ਕਿਉਂ ਬਚਾਅ ਕਰ ਰਹੇ ਸੀ?
ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀਆਂ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਲੋਕਾਂ ਨੂੰ ਕੀ ਸਹੂਲਤਾਂ ਦਿੱਤੀਆਂ ਅਤੇ ਕੀ ਇਨਸਾਫ਼ ਦਿੱਤਾ ਹੈ। ਸਾਰੇ ਕਾਂਗਰਸੀ ਕੇਵਲ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਅਤੇ ਆਪਣੀ ਕੁਰਸੀ ਸਲਾਮਤ ਰੱਖਣ ਲਈ ਲੜ ਰਹੇ ਹਨ।