
ਕਣਕ ਦੀ ਬਰਾਮਦ ’ਤੇ ਪਾਬੰਦੀ ਕਾਰਨ ਮੱਧ ਪ੍ਰਦੇਸ਼ ਦੇ ਵਪਾਰੀਆਂ ਦੇ 5000 ਟਰੱਕ ਬੰਦਰਗਾਹਾਂ ’ਤੇ ਫਸੇ: ਸੰਗਠਨ
ਇੰਦੌਰ, 16 ਮਈ : ਕਣਕ ਦੀ ਬਰਾਮਦ ’ਤੇ ਪਾਬੰਦੀ ਲਗਾਉਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਆਲੋਚਨਾ ਕਰਦੇ ਹੋਏ ਸੋਮਵਾਰ ਨੂੰ ਮੱਧ ਪ੍ਰਦੇਸ਼ ਦੇ ਇਕ ਵਪਾਰਕ ਸੰਗਠਨ ਨੇ ਕਿਹਾ ਕਿ ਇਸ ਅਚਾਨਕ ਚੁਕੇ ਕਦਮ ਨਾਲ ਸੂਬੇ ਦੇ ਵਪਾਰੀਆਂ ਦੇ ਲਗਭਗ 5,000 ਟਰੱਕ ਦੇਸ਼ ਦੇ ਦੋ ਪ੍ਰਮੁੱਖ ਬੰਦਰਗਾਹਾਂ ’ਤੇ ਫਸੇ ਹੋਏ ਹਨ। ਸੰਗਠਨ ਮੁਤਾਬਕ ਇਨ੍ਹਾਂ ਟਰੱਕਾਂ ਰਾਹੀਂ ਕਣਕ ਦੀਆਂ ਵੱਡੀਆਂ ਖੇਪਾਂ ਬਰਾਮਦ ਲਈ ਬੰਦਰਗਾਹਾਂ ਤਕ ਪਹੁੰਚਾਈਆਂ ਗਈਆਂ ਸਨ।
ਸੰਗਠਨ ਨੇ ਐਲਾਨ ਕੀਤਾ ਹੈ ਕਿ ਕਣਕ ਦੀ ਬਰਾਮਦ ’ਤੇ ਪਾਬੰਦੀ ਦੇ ਵਿਰੋਧ ਵਿਚ ਸੂਬੇ ਦੀਆਂ ਸਾਰੀਆਂ 270 ਖੇਤੀ ਉਤਪਾਦ ਮੰਡੀਆਂ ਵਿਚ ਮੰਗਲਵਾਰ ਅਤੇ ਬੁਧਵਾਰ ਨੂੰ ਕੋਈ ਕਾਰੋਬਾਰ ਨਹੀਂ ਹੋਵੇਗਾ।
ਮੱਧ ਪ੍ਰਦੇਸ਼ ਗ੍ਰਾਸ ਗ੍ਰੇਨ ਪਲਸਜ਼ ਆਇਲਸੀਡਜ਼ ਟਰੇਡਰਜ਼ ਫ਼ੈਡਰੇਸਨ ਕਮੇਟੀ ਦੇ ਪ੍ਰਧਾਨ ਗੋਪਾਲਦਾਸ ਅਗਰਵਾਲ ਨੇ ਪੀਟੀਆਈ ਨੂੰ ਦਸਿਆ, ‘‘ਕੇਂਦਰ ਸਰਕਾਰ ਵਲੋਂ ਕਣਕ ਦੀ ਬਰਾਮਦ ’ਤੇ ਅਚਾਨਕ ਪਾਬੰਦੀ ਲਗਾਉਣ ਕਾਰਨ ਸੂਬੇ ਦੇ ਵਪਾਰੀਆਂ ਵਲੋਂ ਭੇਜੇ ਗਏ ਕਰੀਬ 5000 ਟਰੱਕ ਕਾਂਡਲਾ ਅਤੇ ਮੁੰਬਈ ਦੀਆਂ ਬੰਦਰਗਾਹਾਂ ’ਤੇ ਖੜੇ ਹਨ ਅਤੇ ਇਨ੍ਹਾਂ ਵਿਚ ਲੱਦੀ ਕਣਕ ਦੀਆਂ ਵੱਡੀਆਂ ਖੇਪਾਂ ਬਰਾਮਦ ਨਹੀਂ ਹੋ ਪਾ ਰਹੀਆਂ ਹਨ।’’
ਉਨ੍ਹਾਂ ਕਿਹਾ ਕਿ ਇਸ ਵਾਰ ਸੂਬਾ ਸਰਕਾਰ ਨੇ ਵਪਾਰੀਆਂ ਨੂੰ ਕਣਕ ਦੀ ਬਰਾਮਦ ਕਰਨ ਲਈ ਉਤਸ਼ਾਹਿਤ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਘੱਟੋ-ਘੱਟ ਸਮਰਥਨ ਮੁੱਲ ਤੋਂ ਵਧ ਕੀਮਤ ’ਤੇ ਕਿਸਾਨਾਂ ਤੋਂ ਕਣਕ ਖ਼ਰੀਦੀ ਸੀ, ਪਰ ਹੁਣ ਕੇਂਦਰ ਦੀ ਪਾਬੰਦੀ ਕਾਰਨ ਉਨ੍ਹਾਂ ਦੇ ਬਰਾਮਦ ਸੌਦੇ ਰੁਕ ਗਏ ਹਨ।’’ (ਏਜੰਸੀ)