
'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਜਿਥੇ ਸ਼ਹਿਰਾਂ ਅਤੇ ਪਿੰਡਾਂ ਦੀ ਸਫ਼ਾਈ, ਸ਼ੁੱਧ ਦੁੱਧ, ਫ਼ਲ ਅਤੇ ਸਬਜ਼ੀਆਂ ਦੀ ਵਰਤੋਂ ਅਤੇ ਪ੍ਰਦੂਸ਼ਣ
ਭਾਈ ਰੂਪਾ, ਭਗਤਾ ਭਾਈਕਾ : 'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਜਿਥੇ ਸ਼ਹਿਰਾਂ ਅਤੇ ਪਿੰਡਾਂ ਦੀ ਸਫ਼ਾਈ, ਸ਼ੁੱਧ ਦੁੱਧ, ਫ਼ਲ ਅਤੇ ਸਬਜ਼ੀਆਂ ਦੀ ਵਰਤੋਂ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਸਿਰਜਣ 'ਤੇ ਜ਼ੋਰ ਦਿਤਾ ਜਾ ਰਿਹਾ ਹੈ, ਉਥੇ ਹੀ ਪੰਜਾਬ ਸਰਕਾਰ ਨਵਿਆਉਣਯੋਗ ਊਰਜਾ ਸ੍ਰੋਤਾਂ ਤੋਂ ਬਿਜਲੀ ਪੈਦਾ ਕਰਨ 'ਤੇ ਕੰਮ ਕਰ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਪਿੰਡ ਦਿਆਲਪੁਰਾ ਬੀੜ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਦਸਿਆ ਕਿ ਪੰਜਾਬ ਊਰਜਾ ਵਿਕਾਸ ਅਥਾਰਟੀ ਵਲੋਂ ਸੂਬੇ 'ਚ ਸੂਰਜੀ ਊਰਜਾ ਸਬੰਧੀ ਪ੍ਰਾਜੈਕਟ ਲਾਏ ਹਨ ਅਤੇ ਭਵਿੱਖ 'ਚ ਇਨ੍ਹਾਂ 'ਚ ਵਾਧਾ ਕੀਤਾ ਜਾਵੇਗਾ। ਪੰਜਾਬ ਸਰਕਾਰ ਦੁਆਰਾ ਪਟਿਆਲਾ ਵਿਖੇ 2000 ਕਰੋੜ ਰੁਪਏ ਦੇ ਨਿਵੇਸ ਨਾਲ 5000 ਲੋਕਾਂ ਨੂੰ ਰੁਜ਼ਗਾਰ ਦੇਣ ਵਾਲਾ ਬਿਜਲੀ ਦਾ ਪਲਾਂਟ ਲਾਇਆ ਜਾ ਰਿਹਾ ਹੈ, ਜਿਹੜਾ ਹਰ ਖੇਤਰ ਲਈ ਲਾਭਦਾਇਕ ਸਿੱਧ ਹੋਵੇਗਾ।
ਕਾਂਗੜ ਨੇ ਦਸਿਆ ਕਿ ਅੰਬੂਜਾ ਸੀਮਿੰਟ ਪਲਾਂਟ ਰੂਪਨਗਰ ਵਲੋਂ ਖੇਤੀਬਾੜੀ ਦੀ ਰਹਿੰਦ-ਖੂੰਹਦ ਨੂੰ ਇਸਤੇਮਾਲ ਕਰ ਕੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਹੋਰ ਸਨਅਤਾਂ ਨੂੰ ਵੀ ਅੰਬੂਜਾ ਸੀਮਿੰਟ ਫ਼ੈਕਟਰੀ ਦੀ ਤਰਜ਼ 'ਤੇ ਇਸ ਤਰ੍ਹਾਂ ਦੇ ਬਿਜਲੀ ਦੇ ਪਲਾਂਟ ਲਗਾਉਣ ਲਈ ਪ੍ਰੇਰਿਆ, ਜਿਹੜੇ ਪ੍ਰਦੂਸ਼ਣ ਪੈਦਾ ਨਾ ਕਰਦੇ ਹੋਣ ਅਤੇ ਕਿਸਾਨਾਂ ਲਈ ਵੀ ਮਦਦਗਾਰ ਹੋਣ।
ਸੰਗਤ ਦਰਸ਼ਨ ਦੌਰਾਨ ਪਿੰਡ ਚਾਉਂਕੇ ਦੀ ਪੰਚਾਇਤ ਨੇ ਪਿੰਡ ਵਾਸੀ ਇੰਜੀਨੀਅਰ ਬਲਦੇਵ ਸਿੰਘ ਸਰਾਂ ਨੂੰ ਪਾਵਰਕਾਮ ਦਾ ਚੇਅਰਮੈਨ ਨਿਯੁਕਤ ਕਰਨ ਲਈ ਬਿਜਲੀ ਮੰਤਰੀ ਦਾ ਧਨਵਾਦ ਕੀਤਾ। ਇਸ ਮੌਕੇ ਰਾਜਵੰਤ ਸਿੰਘ ਭਗਤਾ, ਗੁਰਪਾਲ ਸਿੰਘ ਕੁੱਕੂ, ਇੰਦਰਜੀਤ ਮਾਨ, ਜਗਜੀਤ ਬਰਾੜ, ਤੀਰਥ ਭਾਈਰੂਪਾ, ਰਛਪਾਲ ਰਾਏ, ਗੁਰਸ਼ਾਂਤ ਕੋਠਾਗੁਰੂ, ਇੰਦਰਜੀਤ ਭੋਡੀਪੁਰਾ, ਰਣਜੀਤ ਸ਼ਰਮਾ, ਪੱਪੂ ਸਿਰੀਏਵਾਲਾ, ਕਾਲਾ ਜਲਾਲ, ਅੰਗਰੇਜ ਧਾਲੀਵਾਲ ਸਿਰੀਏਵਾਲਾ,
ਪਰਮਜੀਤ ਬਰਾੜ ਪ੍ਰਧਾਨ, ਦਵਿੰਦਰ ਦਿਆਲਪੁਰਾ ਮਿਰਜ਼ਾ, ਸੁਖਵੀਰ ਸੋਨਾ ਜਲਾਲ, ਗੁਰਤੇਜ ਲੱਕੀ, ਤੇਜੀ ਜਲਾਲ, ਭੂਸ਼ਣ ਜਿੰਦਲ, ਸੁਖਦੇਵ ਸੰਧੂ, ਗੁਰਚਰਨ ਧਾਲੀਵਾਲ, ਗੋਰਾ ਜਵੰਧਾ, ਬੇਅੰਤ ਸਲਾਬਤਪੁਰਾ, ਅਜੈਬ ਭਗਤਾ, ਸ਼ੰਮਾ ਸਿੱਧੂ ਭਗਤਾ, ਰਿੰਪਲ ਭੱਲਾ ਆਦਿ ਹਾਜ਼ਰ ਸਨ।