
ਮਰੀਜ਼ਾਂ ਨੂੰ ਮੁਢਲੀ ਸਹਾਇਤਾ ਬਾਅਦ ਹਸਪਤਾਲ ਲਿਜਾਣ ਦੀ ਸਲਾਹ
ਚੰਡੀਗੜ੍ਹ : ਦੇਸ਼ ਅੰਦਰ ਗਰਮੀ ਦਾ ਪ੍ਰਕੋਪ ਅਪਣੀ ਚਰਮ-ਸੀਮਾ 'ਤੇ ਹੈ। ਸ਼ੁਰੂਆਤੀ ਦੌਰ ਦੌਰਾਨ ਭਾਵੇਂ ਮੌਸਮ 'ਚ ਗੜਬੜੀ ਕਾਰਨ ਗਰਮੀ ਤੋਂ ਕੁੱਝ ਰਾਹਤ ਮਿਲੀ, ਪਰ ਪਿਛਲੇ ਤਿੰਨ ਚਾਰ ਦਿਨਾਂ ਤੋਂ ਗਰਮੀ ਨੇ ਅਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿਤਾ ਹੈ, ਜਿਸ 'ਚ ਆਉਂਦੇ ਕੁੱਝ ਦਿਨਾਂ ਤਕ ਰਾਹਤ ਮਿਲਣ ਦੀ ਸੰਭਾਵਨਾ ਮੱਧਮ ਹੈ। ਮੌਸਮ ਵਿਭਾਗ ਨੇ 25 ਜੂਨ ਦੇ ਲਾਗੇ ਜਾ ਕੇ ਪ੍ਰੀ-ਮੌਨਸੂਨ ਤਹਿਤ ਬੱਦਲ ਹੋਣ ਦੀ ਭਾਵੇਂ ਭਵਿੱਖਬਾਣੀ ਕੀਤੀ ਹੈ, ਪਰ ਹਾਲ ਦੀ ਘੜੀ ਲੋਕਾਂ ਨੂੰ ਗਰਮੀ ਨਾਲ ਦੋ-ਚਾਰ ਹੋਣਾ ਹੀ ਪੈਣਾ ਹੈ। ਇਸੇ ਦੌਰਾਨ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਲੂੰ ਤੋਂ ਬਚਣ ਲਈ ਸੁਚੇਤ ਕਰਨਾ ਸ਼ੁਰੂ ਕਰ ਦਿਤਾ ਹੈ।
Summer
ਇਸੇ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਵਲੋਂ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਦੇ ਨਾਲ-ਨਾਲ ਲੂੰ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਨੇ ਦਸਿਆ ਕਿ ਗਰਮ ਹਵਾਵਾਂ ਸਾਡੀ ਪਿਆਸ ਨੂੰ ਵਧਾਉਣ ਦੇ ਨਾਲ-ਨਾਲ ਸਾਡੇ ਸਰੀਰ ਨੂੰ ਝੁਲਸਾ ਸਕਦੀਆਂ ਹਨ। ਇਸ ਦਾ ਜ਼ਿਆਦਾ ਅਸਰ ਸਾਡੀਆਂ ਅੱਖਾਂ ਅਤੇ ਚਮੜੀ 'ਤੇ ਪੈਣ ਦਾ ਖ਼ਤਰਾ ਰਹਿੰਦਾ ਹੈ।
Summer
ਜ਼ਿਆਦਾ ਗਰਮੀ ਹੋਣ ਦੀ ਸੂਰਤ ਵਿਚ ਸਾਡਾ ਸਰੀਰ ਗਰਮੀ ਨੂੰ ਪਸੀਨੇ ਦੇ ਰੂਪ ਵਿਚ ਬਾਹਰ ਕੱਢ ਦਿੰਦਾ ਹੈ। ਇਸ ਤਰ੍ਹਾਂ ਸਾਡੇ ਸਰੀਰ ਦਾ ਤਾਮਪਾਨ ਸਹੀ ਰਹਿੰਦਾ ਹੈ। ਇਸ ਕ੍ਰਿਰਿਆ ਤਹਿਤ ਸਰੀਰ 'ਚ ਪਾਣੀ ਦੀ ਕਮੀ ਵੀ ਹੋ ਸਕਦੀ ਹੈ। ਇਕ ਤੈਅ ਸੀਮਾ ਤੋਂ ਬਾਅਦ ਸਾਡੇ ਸਰੀਰ ਦਾ ਸਿਸਟਮ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸ ਕਾਰਨ ਸਰੀਰ ਬਾਹਰ ਦੇ ਤਾਪਮਾਨ ਦੇ ਸਮਾਨ ਗਰਮ ਹੋ ਜਾਂਦਾ ਹੈ, ਜਿਸ ਨੂੰ ਲੂੰ ਲੱਗਣਾ ਜਾਂ ਹੀਟ ਸਟ੍ਰੋਕ ਕਹਿੰਦੇ ਹਨ।
Summer
ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਲੋਕ ਇਸ ਨੂੰ ਹਲਕੇ 'ਚ ਲੈ ਲੈਂਦੇ ਹਨ, ਜੋ ਖ਼ਤਰਨਾਕ ਵੀ ਹੋ ਸਕਦਾ ਹੈ। ਇਕ ਰਿਪੋਰਟ ਮੁਤਾਬਕ ਲੂੰ ਲੱਗਣਾ ਇੰਨੀ ਜ਼ਿਆਦਾ ਖ਼ਤਰਨਾਕ ਬਿਮਾਰੀ ਹੈ ਕਿ ਪੂਰੇ ਇਲਾਜ ਤੋਂ ਬਾਅਦ ਵੀ ਤਕਰੀਬਨ 63 ਫ਼ੀ ਸਦੀ ਲੋਕ ਜਾਨ ਤੋਂ ਹੱਥ ਧੋ ਬੈਠਦੇ ਹਨ। ਇਸ ਦੇ ਮੁਖ ਲੱਛਣਾਂ 'ਚ ਅੱਖਾਂ ਸਾਹਮਣੇ ਹਨੇਰਾ ਹੋਣਾ, ਚੱਕਰ ਖਾ ਕੇ ਡਿੱਗ ਪੈਣਾ, ਬੇਚੈਨੀ ਅਤੇ ਘਬਰਾਹਟ ਮਹਿਸੂਸ ਹੋਣਾ, ਹਲਕਾ ਬੁਖਾਰ, ਜੀਅ ਖਰਾਬ ਹੋਣਾ, ਲੋੜ ਤੋਂ ਜ਼ਿਆਦਾ ਪਿਆਸ ਲੱਗਣਾ, ਸਿਰ ਵਿਚ ਤੇਜ਼ ਦਰਜ ਹੋਣਾ ਅਤੇ ਕਮਜ਼ੋਰੀ ਮਹਿਸੂਸ ਹੋਣ ਜਿਹੇ ਲੱਛਣ ਸ਼ਾਮਲ ਹੈ।
Summer
ਉਨ੍ਹਾਂ ਦੱਸਿਆ ਕਿ ਲੂੰ ਲੱਗਣ ਦੇ ਉਪਰੋਕਤ ਲੱਛਣ ਸਾਹਮਣੇ ਆਉਣ 'ਤੇ ਮੁਢਲੀ ਸਹਾਇਤਾ ਵਜੋਂ ਪੀੜਤ ਨੂੰ ਤੁਰਤ ਛਾਵੇਂ ਬਿਠਾ ਦੇਣਾ ਚਾਹੀਦੈ। ਇਸ ਤੋਂ ਇਲਾਵਾ ਪੀੜਤ ਦੇ ਕੱਪੜੇ ਢਿੱਲੇ ਕਰ ਦੇਣ ਦੇ ਨਾਲ ਨਾਲ ਪੀਣ ਲਈ ਕੁੱਝ ਤਰਲ ਪਦਾਰਥ ਦੇਣਾ ਚਾਹੀਦਾ ਹੈ। ਸਰੀਰ ਦੇ ਤਾਪਮਾਨ ਨੂੰ ਘੱਟ ਕਰਨ ਲਈ ਠੰਡੇ ਪਾਣੀ ਦੀਆਂ ਪੱਟੀਆਂ ਲਾਹੇਵੰਦ ਸਾਬਤ ਹੋ ਸਕਦੀਆਂ ਹਨ। ਮਰੀਜ਼ ਨੇ ਠੰਡੇ ਪਾਣੀ ਨਾਲ ਭਰੇ ਬਾਥਟੱਬ 'ਚ ਗਲੇ ਤਕ ਲਿਟਾਇਆ ਜਾ ਸਕਦਾ ਹੈ। ਬੁਖਾਰ ਨੂੰ ਘੱਟ ਕਰਨ ਲਈ ਆਮ ਦਵਾਈਆਂ ਨਾ ਦਿਤੀਆਂ ਜਾਣ ਸਗੋਂ ਮਰੀਜ਼ ਨੂੰ ਜਿੰਨਾ ਛੇਤੀ ਹੋ ਸਕੇ, ਹਸਪਤਾਲ ਲੈ ਜਾਣਾ ਚਾਹੀਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ