
ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਮ ਆਦਮੀ ਪਾਰਟੀ 'ਤੇ ਤੰਜ ਕੱਸਦਿਆਂ ਕਿਹਾ ਕਿ ਇਸ ਦੀ ਹਾਲਤ 'ਬਾਰਾਂ ਭਈਏ, ਠਾਰਾਂ ਚੁੱਲ੍ਹਿਆਂ' ਵਾਲੀ ਹੈ............
ਚੰਡੀਗੜ੍ਹ : ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਮ ਆਦਮੀ ਪਾਰਟੀ 'ਤੇ ਤੰਜ ਕੱਸਦਿਆਂ ਕਿਹਾ ਕਿ ਇਸ ਦੀ ਹਾਲਤ 'ਬਾਰਾਂ ਭਈਏ, ਠਾਰਾਂ ਚੁੱਲ੍ਹਿਆਂ' ਵਾਲੀ ਹੈ ਕਿਉਂਕਿ ਪਾਰਟੀ ਵਿਚ ਵਰਕਰ ਤਾਂ ਕੋਈ ਰਿਹਾ ਨਹੀਂ, ਸਾਰੇ ਲੀਡਰ ਹੀ ਹਨ ਜੋ ਅਪਣੀ ਅਪਣੀ ਡਫ਼ਲੀ ਵਜਾਉਣ ਲੱਗੇ ਹੋਏ ਹਨ। ਸ. ਧਰਮਸੋਤ ਅੱਜ ਆਮ ਆਦਮੀ ਪਾਰਟੀ ਵਿਚ ਪਏ ਕਾਟੋ ਕਲੇਸ਼ 'ਤੇ ਬੋਲ ਰਹੇ ਸਨ।
ਦਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਹਿ ਚੁਕੇ ਐਚ ਐਸ ਫੂਲਕਾ ਨੇ ਪਾਰਟੀ ਦੀ ਅਗਵਾਈ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ ਜਿਸ ਪਿੱਛੋਂ ਆਮ ਆਦਮੀ ਪਾਰਟੀ ਵਿਚ ਕਾਟੋ ਕਲੇਸ਼ ਪੈ ਗਿਆ ਹੈ। ਸ. ਧਰਮਸੋਤ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਸ਼ੇ ਵਿਰੁਧ ਵਿੱਢੀ ਮੁਹਿੰਮ ਨੂੰ ਪੂਰੀ ਤਰ੍ਹਾਂ ਬੂਰ ਪੈ ਗਿਆ ਹੈ ਤੇ ਲੋਕ ਆਪ ਮੁਹਾਰੇ ਸਰਕਾਰ ਵਲੋਂ ਸ਼ੁਰੂ ਕੀਤੀ ਇਸ ਮੁਹਿੰਮ ਵਿਚ ਸ਼ਾਮਲ ਹੋਣ ਲੱਗੇ ਹਨ ਜਿਸ ਸਦਕਾ ਇਹ ਲੋਕ ਲਹਿਰ ਬਣਦੀ ਜਾ ਰਹੀ ਹੈ।