
ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿ ਉਕਤ ਇਸ ਖੂਹ ਵਿਚ ਕਿਵੇਂ ਡਿੱਗਿਆ
ਡੇਰਾਬੱਸੀ (ਗੁਰਜੀਤ ਈਸਾਪੁਰ)- ਡੇਰਾਬਸੀ ਸ਼ਹਿਰ ਦੇ ਮੇਨ ਬਾਜ਼ਾਰ ਦੇ ਪ੍ਰਵੇਸ਼ ਦਵਾਰ 'ਤੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਕੌਂਸਲ ਵੱਲੋਂ ਬਣਾਏ ਗਏ ਖੂਹ ਵਿੱਚ ਡਿੱਗਣ ਨਾਲ ਅੱਜ ਸਵੇਰੇ ਇਕ ਵਿਅਕਤੀ ਦੀ ਮੌਤ ਹੋ ਗਈ। ਜਿਸ ਦੀ ਸ਼ਨਾਖਤ ਵਰਿੰਦਰਪਾਲ 42 ਸਾਲ ਵਾਸੀ ਡੇਰਾਬਸੀ ਦੇ ਤੌਰ 'ਤੇ ਹੋਈ ਹੈ। ਦੱਸਣਯੋਗ ਹੈ ਕਿ ਇਸੇ ਖੂਹ ਵਿਚ ਡਿੱਗ ਕੇ ਪਿਛਲੇ ਸਾਲ 20 ਨਵੰਬਰ ਨੂੰ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ।
Dera Bassi Water Well
ਇਸ ਖੂਹ ਰਾਂਹੀ ਬਾਜ਼ਾਰ ਵਿਚਲਾ ਮੀਂਹ ਦਾ ਪਾਣੀ ਇਕੱਠਾ ਕਰਕੇ ਮੋਟਰ ਦੀ ਮਦਦ ਨਾਲ ਬਾਹਰ ਕੱਢਿਆ ਜਾਂਦਾ ਹੈ। ਜਿਸ ਵਿਚ ਡਿੱਗ ਕੇ ਉਕਤ ਵਿਅਕਤੀ ਦੀ ਮੌਤ ਹੋ ਗਈ। ਐਸਐਚਓ ਸਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ਖੂਹ ਵਿਚ ਡਿੱਗਿਆ ਪਿਆ ਹੈ। ਜਦੋਂ ਆ ਕੇ ਵੇਖਿਆ ਤਾਂ ਵਿਅਕਤੀ ਮ੍ਰਿਤਕ ਸੀ।
Dera Bassi Water Well
ਜਾਣਕਾਰੀ ਮੁਤਾਬਕ ਮ੍ਰਿਤਕ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ। ਖੂਹ ਦਾ ਦਰਵਾਜ਼ਾ ਲੱਗਿਆ ਹੋਇਆ ਸੀ ਪਰੰਤੂ ਦਰਵਾਜ਼ੇ ਦੇ ਉੱਪਰੋਂ ਥੋੜ੍ਹਾ ਹਿੱਸਾ ਖੁੱਲ੍ਹਾ ਛੱਡਿਆ ਹੋਇਆ ਸੀ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿ ਉਕਤ ਇਸ ਖੂਹ ਵਿਚ ਕਿਵੇਂ ਡਿੱਗਿਆ। ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਖੂਹ ਵਿਚੋਂ ਕੱਢ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ।