
ਪਰਮਿੰਦਰ ਝੋਟਾ ਵਿਰੁਧ ਦਰਜ ਹਨ ਕੁੱਲ 7 ਅਪਰਾਧਕ ਮਾਮਲੇ: ਐਸ.ਪੀ.ਐਸ. ਪਰਮਾਰ
ਮਾਨਸਾ: ਪੁਲਿਸ ਵਲੋਂ ਕੁੱਝ ਦਿਨ ਪਹਿਲਾਂ ਮਾਨਸਾ ਵਿਚ ਗ੍ਰਿਫ਼ਤਾਰ ਕੀਤੇ ਗਏ ਪਰਮਿੰਦਰ ਝੋਟਾ ਦੀਆਂ ਨਵੀਆਂ ਵੀਡੀਉਜ਼ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਉਸ ਨੇ ਇਕ ਮੈਡੀਕਲ ਸਟੋਰ ਦੇ ਮਾਲਕ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਗਲੇ 'ਚ ਜੁੱਤੀਆਂ ਪਾ ਕੇ ਬੇਇੱਜ਼ਤ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਮੈਡੀਕਲ ਸਟੋਰ ਦੇ ਮਾਲਕ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਗਈ, ਪੁਲਿਸ ਨੇ ਕਾਰਵਾਈ ਕਰਦਿਆਂ ਪਰਮਿੰਦਰ ਝੋਟਾ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਦੀ ਇਸ ਕਾਰਵਾਈ ਦਾ ਲੋਕਾਂ ਵਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ 30 ਹਜ਼ਾਰ ਕਰਮਚਾਰੀਆਂ ਦੀ ਕੀਤੀ ਰੈਗੂਲਰ ਭਰਤੀ : ਬ੍ਰਹਮ ਸ਼ੰਕਰ ਜਿੰਪਾ
ਇਸ ਦੇ ਚਲਦਿਆਂ ਏ.ਡੀ.ਜੀ.ਪੀ. ਐਸ.ਪੀ.ਐਸ. ਪਰਮਾਰ ਨੇ ਦਸਿਆ ਕਿ ਪਰਮਿੰਦਰ ਝੋਟਾ ਵਿਰੁਧ ਕੁੱਲ 7 ਅਪਰਾਧਕ ਮਾਮਲੇ ਦਰਜ ਹਨ। ਮੈਡੀਕਲ ਸਟੋਰ ਦੀਆਂ ਸੀ.ਸੀ.ਟੀ.ਵੀ. ਵੀਡੀਉਜ਼ ਜਾਰੀ ਕਰਦਿਆਂ ਉਨ੍ਹਾਂ ਦਸਿਆ ਪਰਮਿੰਦਰ ਝੋਟਾ ਅਪਣੇ ਨਾਲ 5-7 ਵਿਅਕਤੀ ਲੈ ਕੇ ਕੈਮਿਸਟ ਦੀ ਦੁਕਾਨ ’ਤੇ ਗਿਆ ਅਤੇ ਉਥੇ ਜਾ ਕੇ ਮੈਡੀਕਲ ਸਟੋਰ ਵਾਲੇ ਨੂੰ ਬਾਹਰ ਕੱਢ ਕੇ ਉਸ ਦਾ ਮੂੰਹ ਕਾਲਾ ਕੀਤਾ ਗਿਆ ਅਤੇ ਜੁੱਤੀਆਂ ਦਾ ਹਾਰ ਪਾ ਕੇ ਉਸ ਨੂੰ ਬੇਇੱਜ਼ਤ ਕੀਤਾ। ਜਦੋਂ ਪੁਲਿਸ ਨੇ ਉਸ ਦੀ ਜਾਂਚ ਕੀਤੀ ਤਾਂ ਉਸ ਕੋਲੋਂ ਕੋਈ ਨਸ਼ਾ ਬਰਾਮਦ ਨਹੀਂ ਹੋਇਆ। ਹਾਲਾਂਕਿ ਉਸ ਵਲੋਂ ਪਾਬੰਦੀਸ਼ੁਦਾ ਕੈਪਸੂਲ ਵੇਚੇ ਜਾ ਰਹੇ ਸਨ, ਜਿਸ ਲਈ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਉੱਤਰ ਪ੍ਰਦੇਸ਼ : ਨਾਨਕੇ ਆਏ ਦੋ ਭਰਾ ਰੀਲ ਬਣਾਉਂਦੇ ਸਮੇਂ ਨਦੀ ਵਿਚ ਰੁੜ੍ਹੇ, 1 ਨੌਜੁਆਨ ਦੀ ਲਾਸ਼ ਬਰਾਮਦ ਤੇ ਦੂਜਾ ਲਾਪਤਾ
ਐਸ.ਪੀ.ਐਸ. ਪਰਮਾਰ ਨੇ ਕਿਹਾ ਕਿ ਪਰਮਿੰਦਰ ਝੋਟਾ ਕੋਲ ਅਜਿਹਾ ਕੋਈ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਦੇ ਘਰ ਜਾ ਕੇ ਉਸ ਦੇ ਪ੍ਰਵਾਰ ਨੂੰ ਬੇਇੱਜ਼ਤ ਕਰੇ। ਇਹ ਕਾਨੂੰਨ ਵਿਵਸਥਾ ਨਹੀਂ ਹੈ, ਨਸ਼ਿਆਂ ਵਿਰੁਧ ਕਾਰਵਾਈ ਲਈ ਪੰਜਾਬ ਵਿਚ ਐਸ.ਟੀ.ਐਫ., ਐਨ.ਸੀ.ਬੀ. ਅਤੇ ਪੰਜਾਬ ਪੁਲਿਸ ਦੀਆਂ ਸੇਵਾਵਾਂ ਜਾਰੀ ਹਨ। ਜੇਕਰ ਕਿਸੇ ਨੂੰ ਨਸ਼ੇ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ ਪਰ ਕਿਸੇ ਨੂੰ ਕਾਨੂੰਨ ਹੱਥ ਵਿਚ ਲੈਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰ ਨੂੰ ਬੇਇੱਜ਼ਤ ਕੀਤਾ ਗਿਆ, ਉਸ ਦੇ ਵੀ ਮਨੁੱਖੀ ਅਧਿਕਾਰ ਹਨ, ਪਰਮਿੰਦਰ ਝੋਟਾ ਕਾਨੂੰਨ ਤੋਂ ਉਪਰ ਨਹੀਂ ਹੈ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਅਫ਼ਗ਼ਾਨ ਗਾਇਕਾ ਹਸੀਬਾ ਨੂਰੀ ਦੀ ਗੋਲੀਆਂ ਮਾਰ ਕੇ ਹੱਤਿਆ
ਉਨ੍ਹਾਂ ਦਸਿਆ ਕਿ 2009 ਤੋਂ ਹੁਣ ਤਕ ਪਰਮਿੰਦਰ ਝੋਟਾ ਵਿਰੁਧ 7 ਮਾਮਲੇ ਦਰਜ ਹਨ। ਪੰਜਾਬ ਪੁਲਿਸ ਨਸ਼ਿਆਂ ਨੂੰ ਲੈ ਕੇ ਬੇਹਦ ਗੰਭੀਰ ਹੈ, ਸਰਕਾਰ ਨੇ ਕਈ ਪੁਲਿਸ ਅਧਿਕਾਰੀਆਂ ਵਿਰੁਧ ਵੀ ਕਾਰਵਾਈ ਕੀਤੀ ਹੈ। ਪੁਲਿਸ ’ਤੇ ਚੁੱਕੇ ਜਾ ਰਹੇ ਸਵਾਲਾਂ ਬਾਰੇ ਐਸ.ਪੀ.ਐਸ ਪਰਮਾਰ ਦਾ ਕਹਿਣਾ ਹੈ ਕਿ ਪੁਲਿਸ ਕੋਲ ਨਸ਼ਿਆਂ ਵਿਰੁਧ ਕੀਤੀ ਕਾਰਵਾਈ ਦੀ ਅੰਕੜੇ ਮੌਜੂਦ ਹਨ, ਕਈ ਲੋਕ ਸਿਰਫ਼ ਇਕ ਪੱਖ ਨੂੰ ਸੁਣ ਰਹੇ ਹਨ। ਇਹੀ ਕਾਰਨ ਹੈ ਕਿ ਉਹ ਪਰਮਿੰਦਰ ਝੋਟਾ ਵਿਰੁਧ ਕੀਤੀ ਜਾ ਰਹੀ ਕਾਰਵਾਈ ਦਾ ਵਿਰੋਧ ਕਰ ਰਹੇ ਹਨ।