
Punjab News : ਸੂਬਾ ਪੱਧਰੀ ਕਮੇਟੀ ਕਰੇਗੀ ਪ੍ਰੋਜੈਕਟ ਦੀ ਨਿਗਰਾਨੀ
Punjab News in Punjabi : ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਬਣਾਉਣ ਲਈ ਕਈ ਅਹਿਮ ਪਹਿਲਕਦਮੀਆਂ ਦਾ ਐਲਾਨ ਕਰਦੇ ਹੋਏ, ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਹਾਈਵੇਅ ਦੇ ਦੋਵੇਂ ਪਾਸੇ ਫੁੱਲਾਂ ਵਾਲੇ ਬੂਟੇ ਲਗਾਉਣ ਵਾਲੇ ਇੱਕ ਪਾਇਲਟ ਪ੍ਰੋਜੈਕਟ ਦਾ ਐਲਾਨ ਕੀਤਾ। ਇੱਕ ਸੂਬਾ ਪੱਧਰੀ ਵਿਸ਼ੇਸ਼ ਕਮੇਟੀ ਇਸ ਪ੍ਰੋਜੈਕਟ ਦੀ ਨਿਗਰਾਨੀ ਕਰੇਗੀ ਅਤੇ ਸਮੇਂ-ਸਮੇਂ ਇਸਦੀ ਸਮੀਖਿਆ ਵੀ ਕਰੇਗੀ।
ਮੁੱਢਲੇ ਗੇੜ ਵਿੱਚ, ਇਹ ਪ੍ਰੋਜੈਕਟ 5 ਜ਼ਿਲ੍ਹਿਆਂ: ਰੋਪੜ (ਵਿਸ਼ੇਸ਼ ਤੌਰ ‘ਤੇ ਸ੍ਰੀ ਆਨੰਦਪੁਰ ਸਾਹਿਬ ), ਸ਼ਹੀਦ ਭਗਤ ਸਿੰਘ ਨਗਰ (ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ), ਸੰਗਰੂਰ, ਪਠਾਨਕੋਟ ਅਤੇ ਅੰਮ੍ਰਿਤਸਰ ਵਿੱਚ ਲਾਗੂ ਕੀਤਾ ਜਾਵੇਗਾ। ਪ੍ਰੋਜੈਕਟ ਤਹਿਤ ਇਨ੍ਹਾਂ ਜ਼ਿਲਿਆਂ ਵਿੱਚ ਹਾਈਵੇਅ ਦੇ ਸੱਜੇ -ਖੱਬੇ ਦੋਵੇਂ ਪਾਸੇ 500 ਮੀਟਰ ਦੀ ਦੂਰੀ ’ਤੇ 5, 6 ਅਤੇ 7 ਫੁੱਟ ਤੱਕ ਦੀ ਉਚਾਈ ਵਾਲੇ ਬੂਟੇ ਲਗਾਏ ਜਾਣਗੇ।
ਮੰਤਰੀ ਨੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੂਟਿਆਂ ਦੇ ਵਧਣ-ਫੁੱਲਣ ਤੇ ਸਾਂਭ ਸੰਭਾਲ ਨੂੂੰ ਯਕੀਨੀ ਬਣਾਉਣ ਲਈ ਢੁਕਵੀਂ ਨਜ਼ਰਸਾਨੀ ਕੀਤੀ ਜਾਵੇਗੀ । ਇਸ ਤੋਂ ਇਲਾਵਾ, ਵਾੜ ਲਗਾਉਣ ਦਾ ਕੰਮ ਵੀ ਕੀਤਾ ਜਾਵੇਗਾ ਤਾਂ ਜੋ ਬੂਟਿਆਂ ਨੂੰ ਆਵਾਰਾ ਜਾਨਵਰਾਂ ਤੋਂ ਬਚਾਇਆ ਜਾ ਸਕੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ਼੍ਰੀ ਕਟਾਰੂਚੱਕ ਨੇ ਦੱਸਿਆ ਕਿ ਇਹ ਪ੍ਰੋਜੈਕਟ ਆਲੇ ਦੁਆਲੇ ਨੂੰ ਬਹੁਤ ਸਾਫ਼-ਸੁਥਰਾ ਅਤੇ ਹਰਾ-ਭਰਾ ਬਣਾਉਣ ਵੱਲ ਇੱਕ ਸੁਹਿਰਦ ਉਪਰਾਲਾ ਹੈ। ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਮਨਰੇਗਾ ਅਧੀਨ ਕੰਮ ਕਰਦੇ ਲੋਕਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਯਕੀਨੀ ਬਣਾਏਗਾ।
ਦੂਜੀ ਅਹਿਮ ਪੇਸ਼ਕਦਮੀ ਦਾ ਉਦਘਾਟਨ ਕਰਦਿਆਂ ਮੰਤਰੀ ਨੇ ਦੱਸਿਆ ਕਿ ਅੱਜ ਦੀ ਪੀੜ੍ਹੀ ਨੂੰ ਰੁੱਖਾਂ ਅਤੇ ਵਾਤਾਵਰਣ ਦੀ ਸੁਰੱਖਿਆ ਪ੍ਰਤੀ ਸੰਵੇਦਨਸ਼ੀਲ ਬਣਾਉਣ ਲਈ, ਇਸ ਵਿਸ਼ੇ ’ਤੇ ਆਧਾਰਿਤ ਭਾਸ਼ਣ ਅਤੇ ਕਵਿਤਾ ਮੁਕਾਬਲੇ 23 ਜੁਲਾਈ ਤੋਂ ਬਟਾਲਾ ਵਿਖੇ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਵਸ ਵਾਲੇ ਦਿਨ ਤੋਂ ਸ਼ੁਰੂ ਕਰਵਾਏ ਜਾਣਗੇ। ਇਹ ਮੁਕਾਬਲੇ ਇੱਕ ਮਹੀਨੇ ਤੱਕ ਚੱਲਣਗੇ ਅਤੇ ਚਾਰ ਸ਼੍ਰੇਣੀਆਂ :ਪ੍ਰਾਇਮਰੀ (ਪਹਿਲੀ ਤੋਂ ਪੰਜਵੀਂ ਜਮਾਤ), ਸੈਕੰਡਰੀ (ਛੇਵੀਂ ਤੋਂ ਦਸਵੀਂ ਜਮਾਤ), ਸੀਨੀਅਰ ਸੈਕੰਡਰੀ (ਗਿਆਰਵੀਂ ਤੇ ਬਾਰਵੀਂ) ਅਤੇ ਕਾਲਜ ਪੱਧਰ ਉੱਤੇ ਕਰਵਾਏ ਜਾਣਗੇ।
ਇਸ ਬਾਰੇ ਹੋਰ ਵਿਸਥਾਰ ਵਿੱਚ ਦੱਸਦਿਆਂ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਇਹਨਾਂ ਮੁਕਾਬਲਿਆਂ ਦੇ ਪਹਿਲੇ ਗੇੜ ਦੇ ਜੇਤੂ ਅੱਗੇ ਰਾਜ ਪੱਧਰ ’ਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਰਾਜ ਪੱਧਰ ’ਤੇ ਚਾਰਾਂ ਸ਼੍ਰੇਣੀਆਂ ਵਿੱਚੋਂ ਹਰੇਕ ਵਿੱਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਕ੍ਰਮਵਾਰ 51,000 ਰੁਪਏ, 31,000 ਰੁਪਏ ਅਤੇ 21,000 ਰੁਪਏ ਦੀ ਇਨਾਮ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਸਿੱਖਿਆ ਵਿਭਾਗ ਦੀ ਦੇਖ-ਰੇਖ ਹੇਠ ਕਰਵਾਏ ਜਾਣ ਵਾਲੇ ਇਹਨਾਂ ਮੁਕਾਬਲਿਆਂ ਵਿੱਚ ਪੰਜਾਬੀ ਸਾਹਿਤ ਦੀਆਂ ਉੱਘੀਆਂ ਸ਼ਖਸੀਅਤਾਂ ਬਤੌਰ ਜੱਜ ਸ਼ਾਮਿਲ ਹੋਣਗੀਆਂ।
ਇੱਕ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਦੱਸਿਆ ਕਿ ਮੌਜੂਦਾ ਸਰਕਾਰ ਕੇ ਕਾਰਜਕਾਲ ਦੌਰਾਨ ਜੰਗਲਾਤ ਅਧੀਨ ਰਕਬੇ ਵਿੱਚ ਵਾਧਾ ਹੋਇਆ ਹੈ। ਤੱਥਾਂ ਦਾ ਹਵਾਲਾ ਦਿੰਦਿਆਂ ਸ੍ਰੀ ਕਟਾਰੂਚੱਕ ਨੇ ਕਿਹਾ ਕਿ 2021 ਵਿੱਚ ਜੰਗਲਾਤ ਅਧੀਨ ਖੇਤਰ 3144.47 ਵਰਗ ਕਿਲੋਮੀਟਰ ਸੀ ਜਦੋਂ ਕਿ 2023 ਵਿੱਚ ਇਹ ਵਧ ਕੇ 3321.24 ਵਰਗ ਕਿਲੋਮੀਟਰ ਹੋ ਗਿਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸਕੱਤਰ ਸ੍ਰੀ ਪ੍ਰਿਯਾਂਕ ਭਾਰਤੀ, ਜੰਗਲਾਤ ਦੇ ਪ੍ਰਮੁੱਖ ਮੁੱਖ ਵਣਪਾਲ (ਜੰਗਲਾਤ ਬਲ ਦੇ ਮੁਖੀ) ਸ੍ਰੀ ਧਰਮਿੰਦਰ ਸ਼ਰਮਾ ਅਤੇ ਵਣਪਾਲ, ਜੰਗਲਾਤ (ਸ਼ਿਵਾਲਿਕ ਸਰਕਲ) ਸ੍ਰੀ ਕੰਨਨ ਮੌਜੂਦ ਸਨ।
(For more news apart from Lal Chand Kataruchak announces pilot project to plant flowering plants on highways in 5 districts News in Punjabi, stay tuned to Rozana Spokesman)