
ਦਾਦੇ ਦੀ ਸ਼ਿਕਾਇਤ ’ਤੇ ਪੁਲਿਸ ਨੇ ਬੱਚੇ ਦੇ ਪਿਤਾ ਨੂੰ ਕੀਤਾ ਗ੍ਰਿਫ਼ਤਾਰ
ਚੰਡੀਗੜ੍ਹ: ਲੁਧਿਆਣਾ ਵਿਖੇ ਇਕ ਕਲਯੁਗੀ ਪਿਓ ਵੱਲੋਂ ਆਪਣੇ 8 ਸਾਲਾ ਪੁੱਤਰ ਦਾ ਕਤਲ ਕਰਨ ਦੀ ਖ਼ਬਰ ਮਿਲੀ ਹੈ। ਇਹ ਘਟਨਾ ਥਾਣਾ ਮਿਹਰਬਾਨ ਅਧੀਨ ਪੈਂਦੀ ਬਾਜੜਾ ਕਾਲੋਨੀ ਦੀ ਹੈ।ਥਾਣਾ ਮੁਖੀ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਗਣੇਸ਼ ਸਿੰਘ ਪੁੱਤਰ ਗੁਰਮੁਖ ਸਿੰਘ ਨਿਵਾਸੀ ਬਾਜੜਾ ਕਾਲੋਨੀ ਨੇ ਦੱਸਿਆ ਕਿ 14 ਅਗਸਤ ਦੀ ਰਾਤ ਉਸ ਦਾ ਪੁੱਤਰ ਜਗਦੀਸ਼ ਸਿੰਘ ਆਪਣੇ 8 ਸਾਲਾ ਪੁੱਤਰ ਗੁਰਸ਼ਰਨ ਸਿੰਘ ਨਾਲ ਆਪਣੇ ਕਮਰੇ ਵਿਚ ਸੌਂ ਰਿਹਾ ਸੀ।
ਇਸ ਦੌਰਾਨ ਅਚਾਨਕ ਜਗਦੀਸ਼ ਸਿੰਘ ਨੇ ਚੀਕਣਾ ਸ਼ੁਰੂ ਕਰ ਦਿੱਤਾ। ਜਦੋਂ ਗਣੇਸ਼ ਸਿੰਘ ਆਪਣੇ ਪੁੱਤਰ ਦੀ ਆਵਾਜ਼ ਸੁਣ ਕੇ ਕਮਰੇ ਵਿਚ ਗਿਆ ਤਾਂ ਉਸ ਨੇ ਦੇਖਿਆ ਕਿ ਜਗਦੀਸ਼ ਸਿੰਘ ਫਰਸ਼ ’ਤੇ ਬੈਠਾ ਸੀ ਅਤੇ ਗੁਰਸ਼ਰਨ ਸਿੰਘ ਦੀ ਲਾਸ਼ ਬੈੱਡ ’ਤੇ ਪਈ ਸੀ, ਉਸ ਦੇ ਗਲੇ ’ਚ ਰੱਸੀ ਪਾਈ ਹੋਈ ਸੀ। ਗਣੇਸ਼ ਸਿੰਘ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਜਗਦੀਸ਼ ਸਿੰਘ ਕੱਪੜੇ ਦੀ ਫੈਕਟਰੀ ’ਚ ਓਵਰਲਾਕ ਦਾ ਕੰਮ ਕਰਦਾ ਹੈ ਅਤੇ ਪਿਛਲੇ ਕਈ ਮਹੀਨਿਆਂ ਤੋਂ ਡਿਪਰੈਸ਼ਨ 'ਚ ਸੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਨੇ 8 ਸਾਲਾ ਗੁਰਸ਼ਰਨ ਸਿੰਘ ਦੀ ਲਾਸ਼ ਕਬਜ਼ੇ ’ਚ ਲੈ ਲਈ ਅਤੇ ਮੁਲਜ਼ਮ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਮਿਹਰਬਾਨ ’ਚ ਕਤਲ ਦਾ ਕੇਸ ਦਰਜ ਕੀਤਾ ਹੈ।