
ਇਹਨਾਂ ਕਾਰਵਾਈਆਂ ਦਾ ਉਦੇਸ਼ ਸੂਬੇ ਦੇ ਲੋਕਾਂ ਵਿਚ ਸੁਰੱਖਿਆ ਅਤੇ ਯਕੀਨ ਦੀ ਭਾਵਨਾ ਪੈਦਾ ਕਰਨਾ ਹੈ: ਡੀਜੀਪੀ ਗੌਰਵ ਯਾਦਵ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚੱਲ ਰਹੀ ਫੈਸਲਾਕੁੰਨ ਜੰਗ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਪੰਜਾਬ ਦੇ ਸਾਰੇ 28 ਪੁਲਿਸ ਜਿਲਿਆਂ ਵਿੱਚ ਵੱਡੇ ਪੱਧਰ ‘ਤੇ ਰਾਜ ਪੱਧਰੀ ਘੇਰਾਬੰਦੀ ਅਤੇ ਸਰਚ ਆਪਰੇਸਨ (ਸੀ.ਏ.ਐਸ.ਓ.) ਚਲਾਏ। ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਦੱਸਿਆ ਕਿ ਇਹਨਾਂ ਅਪ੍ਰੇਸ਼ਨਾਂ ਨੂੰ ਚਲਾਉਣ ਦਾ ਉਦੇਸ਼ ਆਮ ਲੋਕਾਂ ਵਿੱਚ ਸੁਰੱਖਿਆ ਅਤੇ ਪੁਲਿਸ ’ਤੇ ਯਕੀਨ ਕਰਨ ਦੀ ਭਾਵਨਾ ਪੈਦਾ ਕਰਨਾ ਅਤੇ ਨਸ਼ਿਆਂ ਦੇ ਜ਼ਖੀਰਿਆਂ ਨੂੰ ਜਬਤ ਕਰਨਾ ਹੈ’।
ਇਹ ਆਪ੍ਰੇਸ਼ਨ ਸੂਬੇ ਭਰ ’ਚ ਇੱਕੋ ਸਮੇਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਚਲਾਇਆ ਗਿਆ ਅਤੇ ਪੰਜਾਬ ਪੁਲਿਸ ਹੈੱਡਕੁਆਰਟਰ ਤੋਂ ਏਡੀਜੀਪੀ/ਆਈਜੀਪੀ ਰੈਂਕ ਦੇ ਅਧਿਕਾਰੀਆਂ ਨੂੰ ਹਰੇਕ ਪੁਲਿਸ ਜਿਲੇ ਵਿੱਚ ਨਿੱਜੀ ਤੌਰ ‘ਤੇ ਕਾਰਵਾਈ ਦੀ ਨਿਗਰਾਨੀ ਕਰਨ ਲਈ ਤਾਇਨਾਤ ਕੀਤਾ ਗਿਆ ਸੀ।ਹੋਰ ਵੇਰਵੇ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਇਸ ਅਪ੍ਰੇਸਨ ਵਿੱਚ ਸਬੰਧਤ ਜ਼ਿਲਿਆਂ ਦੇ ਸਾਰੇ ਸੀਪੀਜ਼/ਐਸਐਸਪੀਜ਼ ਨੇ ਇਸ ਅਪਰੇਸ਼ਨ ਲਈ ਵੱਧ ਤੋਂ ਵੱਧ ਮੈਨਪਾਵਰ ਜੁਟਾਈ । ਉਹਨਾਂ ਕਿਹਾ ਕਿ ਇਸ ਕਾਰਵਾਈ ਨੂੰ ਚਲਾਉਣ ਲਈ 200 ਗਜਟਿਡ ਅਫਸਰ ਅਤੇ 7500 ਐਨਜੀਓ/ਈਪੀਓਜ ਤਾਇਨਾਤ ਕੀਤੇ ਗਏ ਸਨ।
ਉਹਨਾਂ ਕਿਹਾ ਕਿ ਇਹ ਆਪ੍ਰੇਸ਼ਨ ਸੀਪੀਜ/ਐਸਐਸਪੀਜ ਵਲੋਂ ਸ਼ਨਾਖਤ ਕੀਤੇ ਗਏ ਅਜਿਹੇ ਹੌਟਸਪੌਟਸ ਜਿੱਥੇ ਨਸ਼ੇ ਦਾ ਰੁਝਾਨ ਹੈ ਜਾਂ ਕੁਝ ਉਹ ਖੇਤਰ ਜੋ ਅਪਰਾਧੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਲਈ ਪਨਾਹਗਾਹ ਬਣ ਚੁੱਕੇ ਹਨ, ਵਾਲੇ ਥਾਂ ’ਤੇ ਭਾਰੀ ਪੁਲਿਸ ਤੈਨਾਤੀ ਦੌਰਾਨ ਚਲਾਇਆ ਗਿਆ ਸੀ । ਇਹ ਆਪ੍ਰੇਸਨ ਘੱਟੋ-ਘੱਟ 227 ਪਛਾਣੇ ਗਏ ਹੌਟਸਪੌਟਸ ‘ਤੇ ਚਲਾਇਆ ਗਿਆ ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸੀ.ਏ.ਐਸ.ਓ. ਅਪਰੇਸ਼ਨਾਂ ਦੌਰਾਨ ਏਡੀਜੀਐਸਪੀ/ਆਈਜੀਐਸਪੀ ਅਤੇ ਸੀਪੀਜ/ਐਸਐਸਪੀਜ ਦੀ ਨਿਗਰਾਨੀ ਹੇਠ ਸ਼ੱਕੀ ਘਰਾਂ ਦੀ ਬਾਰੀਕੀ ਨਾਲ ਤਲਾਸ਼ੀ ਕੀਤੀ ਗਈ ਅਤੇ ਇਸ ਦੌਰਾਨ ਲੋਕਾਂ ਦੀ ਘੱਟੋ ਘੱਟ ਅਸੁਵਿਧਾ ਨੂੰ ਯਕੀਨੀ ਬਣਾਇਆ ਗਿਆ। ਉਹਨਾਂ ਅੱਗੇ ਕਿਹਾ, “ਸਾਰੇ ਪੁਲਿਸ ਮੁਲਾਜ਼ਮਾਂ ਨੂੰ ਇਸ ਕਾਰਵਾਈ ਦੌਰਾਨ ਹਰੇਕ ਨਿਵਾਸੀ ਨਾਲ ਦੋਸਤਾਨਾ ਢੰਗ ਅਤੇ ਨਿਮਰਤਾ ਨਾਲ ਪੇਸ਼ ਆਉਣ ਲਈ ਸਖਤ ਹਦਾਇਤ ਕੀਤੀ ਗਈ ਸੀ।’’
ਡੀਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪੰਜਾਬ ਨੂੰ ਅਪਰਾਧ ਮੁਕਤ ਅਤੇ ਨਸ਼ਾ ਮੁਕਤ ਸੂਬਾ ਬਣਾਉਣ ਲਈ ਪੰਜਾਬ ਪੁਲਿਸ ਨੂੰ ਹੁਕਮ ਦਿੱਤੇ ਹਨ। ਉਹਨਾਂ ਕਿਹਾ ਕਿ ਸਰਹੱਦੀ ਸੂਬੇ ਵਿੱਚੋਂ ਨਸ਼ਿਆਂ ਦੀ ਲਾਹਣਤ ਨੂੰ ਨੱਥ ਪਾਉਣ ਅਤੇ ਗੈਂਗਸਟਰਾਂ ’ਤੇ ਪੂਰਨ ਰੂਪ ਵਿੱਚ ਨਕੇਲ ਕੱਸਣ ਲਈ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿਆਪਕ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਉਹਨਾਂ ਦੁਹਰਾਇਆ ਕਿ ਅਜਿਹੇ ਅਭਿਆਨ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਪੰਜਾਬ ਵਿੱਚੋਂ ਨਸ਼ਿਆਂ ਅਤੇ ਗੈਂਗਸਟਰਾਂ ਦਾ ਸਫਾਇਆ ਨਹੀਂ ਹੋ ਜਾਂਦਾ।
ਡੀਜੀਪੀ ਨੇ ਚੇਤਾਵਨੀ ਦਿੱਤੀ, “ਅਜਿਹੇ ਸਾਰੇ ਸਮਾਜ ਵਿਰੋਧੀ ਅਨਸਰਾਂ ਨੂੰ ਮੇਰਾ ਸੁਨੇਹਾ ਹੈ ਕਿ ਆਪਣੀ ਮਰਜੀ ਨਾਲ ਰਾਜ ਛੱਡਣ ਦੇਣ, ਨਹੀਂ ਤਾਂ ਪੰਜਾਬ ਪੁਲਿਸ ਉਹਨਾਂ ਨਾਲ ਸਖਤੀ ਨਾਲ ਨਜਿੱਠੇਗੀ।”ਜ਼ਿਕਰਯੋਗ ਹੈ ਕਿ ਇਸ ਕਿਸਮ ਦੀਆਂ ਕਾਰਵਾਈਆਂ ਬੁਨਿਆਦੀ ਪੁਲਿਸਿੰਗ ਦਾ ਹਿੱਸਾ ਹਨ ਜਿਸ ਵਿੱਚ ਸੰਵੇਦਨਸ਼ੀਲ ਥਾਵਾਂ ‘ਤੇ ਚੌਕਸੀ ਰੱਖਣਾ ਅਤੇ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਅਗਾਊਂ ਤਿਆਰੀ ਸ਼ਾਮਲ ਹੈ। ਅਜਿਹੇ ਆਪ੍ਰੇਸ਼ਨ ਆਮ ਲੋਕਾਂ ਵਿੱਚ ਆਤਮ ਵਿਸ਼ਵਾਸ਼ ਵਧਾਉਣ ਦੇ ਨਾਲ-ਨਾਲ ਪੁਲਿਸ ਫੋਰਸ ਨੂੰ ਸਰਗਰਮ ਅਤੇ ਲਾਮਬੰਦ ਕਰਨ ਵਿੱਚ ਵੀ ਮਦਦ ਕਰਦੇ ਹਨ।