
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦਿੱਲੀ ਫੇਰੀ ਨੇ ਪੰਜਾਬ ਦੇ ਸੱਤਾਧਾਰੀ ਹਲਕਿਆਂ 'ਚ ਮੰਤਰੀ ਮੰਡਲ 'ਚ ਫੇਰਬਦਲ
ਚੰਡੀਗੜ੍ਹ (ਸ.ਸ.ਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦਿੱਲੀ ਫੇਰੀ ਨੇ ਪੰਜਾਬ ਦੇ ਸੱਤਾਧਾਰੀ ਹਲਕਿਆਂ 'ਚ ਮੰਤਰੀ ਮੰਡਲ 'ਚ ਫੇਰਬਦਲ ਦੀ ਚਰਚਾ ਛੇੜ ਦਿੱਤੀ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੇ ਕੁਝ ਮੰਤਰੀਆਂ ਅਤੇ ਬੜੇ ਹੀ ਖ਼ਾਸ ਨੌਕਰਸ਼ਾਹਾਂ ਦੇ ਕਾਂਗਰਸੀਆਂ ਨਾਲ ਵਤੀਰੇ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਕਾਫ਼ੀ ਨਾਖੁਸ਼ ਦਸੇ ਜਾ ਰਹੇ ਨੇ। ਕੌਮੀ ਕਾਂਗਰਸ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਦਰਮਿਆਨ ਬਿਤੇ ਦਿਨੀ ਦਿਲੀ ਵਿਖੇ ਹੋਈ ਗੱਲਬਾਤ ਦੌਰਾਨ ਪੰਜਾਬ ਮੰਤਰੀ ਮੰਡਲ ਦੇ ਰੀਪੋਰਟ ਕਾਰਡ ਬਾਰੇ ਕਾਫੀ ਚਰਚਾ ਹੋਈ ਦੱਸੀ ਜਾ ਰਹੀ ਹੈ।
ਸੂਤਰਾਂ ਮੁਤਾਬਕ ਰਾਹੁਲ ਪੰਜਾਬ ਦੇ ਬਹੁਤੇ ਮੰਤਰੀਆਂ ਦੀ ਕਾਰਗੁਜ਼ਾਰੀ ਤੋਂ ਬਹੁਤੇ ਖ਼ੁਸ਼ ਨਹੀਂ। ਉਨ੍ਹਾਂ ਕੋਲ ਕੁਝ ਮੰਤਰੀਆਂ ਵਿਰੁਧ ਵਰਕਰਾਂ ਤੇ ਵਿਧਾਇਕਾਂ ਵਲੋਂ ਆਈਆਂ ਲਗਾਤਾਰ ਸ਼ਿਕਾਇਤਾਂ ਨੂੰ ਉਨ੍ਹਾਂ ਗੰਭੀਰਤਾ ਨਾਲ ਲਿਆ ਹੈ। ਜਿਸ ਕਰ ਕੇ ਪੰਜਾਬ ਮੰਤਰੀ ਮੰਡਲ ‘ਚ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਫੇਰਬਦਲ ਸੰਭਵ ਦਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪੰਜਾਬ ਦੇ ਮੌਜੂਦਾ ਮੰਤਰੀ ਮੰਡਲ ਵਿਚੋਂ ਦੋ ਮੰਤਰੀਆਂ ਦੀ ਛੁੱਟੀ ਤੈਅ ਮੰਨੀ ਜਾ ਰਹੀ ਹੈ ਜਦ ਕਿ ਤਿੰਨ ਮੰਤਰੀਆਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਨੇ।
ਇਹ ਵੀ ਪਤਾ ਲਗਿਆ ਹੈ ਕਿ ਦੋਆਬੇ ਹਲਕੇ ਨੂੰ ਪ੍ਰਤੀਨਿਧਤਾ ਦੇਣ ਲਈ ਕਿਸੇ ਦੁਆਬੇ ਦੇ ਵਿਧਾਇਕ ਨੂੰ ਮੰਤਰੀ ਦੀ ਕੁਰਸੀ ਮਿਲ ਸਕਦੀ ਹੈ। ਨਾਕ ਹੀ ਇਸ ਵਾਰ ਰਾਹੁਲ ਪੰਜਾਬ ਮੰਤਰੀ ਮੰਡਲ 'ਚ ਕਿਸੇ ਇਕ ਨੌਜਵਾਨ ਆਗੂ ਨੂੰ ਵੀ ਥਾਂ ਦੇਣ ਲਈ ਮਨ ਬਣਾਈ ਬੈਠੇ ਹਨ। ਜ਼ਿਕਰ ਏ ਖਾਸ ਹੈ 3 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਸਟਾਰ ਕੈਂਪੇਨਰ ਥਾਪੇ ਗਏ ਨਵਜੋਤ ਸਿੰਘ ਸਿਧੂ ਵਲੋਂ ਵੀ ਕੈਪਟਨ ਦੀ ਬੈਠਕ ਤੋਂ ਪਹਿਲਾਂ ਰਾਹੁਲ ਨੂੰ ਇਕ ਵਖਰਾ 'ਰੀਪੋਰਟ' ਕਾਰਡ ਦਿਤਾ ਗਿਆ ਹੋਣ ਦੀ ਵੀ ਚਰਚਾ ਗਰਮਾਈ ਹੋਈ ਹੈ।
ਛੁਟੀ ਹੋਣ ਵਾਲੇ ਮੰਤਰੀਆ 'ਚ ਇਕ ਮਹਿਲਾ ਅਤੇ ਇਕ ਗ਼ੈਰ ਸਿੱਖ ਮੰਤਰੀ ਦਾ ਨਾਮ ਲਿਆ ਜਾ ਰਿਹਾ ਹੈ। ਇਹਨਾਂ ਚੋਂ ਇਕ ਦੇ ਪਰਵਾਰ ਦਾ ਵਿਭਾਗੀ ਕੰਮਾਂ 'ਚ ਦਖ਼ਲ ਅਤੇ ਇਕ ਵਿਰੁੱਧ ਭ੍ਰਿਸ਼ਟਚਾਰ ਦੀਆਂ ਸ਼ਿਕਾਇਤਾਂ ਹਾਈਕਮਾਨ ਕੋਲ ਪੁਜੀਆਂ ਨੇ।