
Kapurthala News : ਧੁੰਦ ਕਾਰਨ ਵਾਪਰਿਆ ਹਾਦਸਾ, ਬੱਸ ਡਰਾਈਵਰ ਨੂੰ ਲਿਆ ਹਿਰਾਸਤ ਵਿਚ
Kapurthala News : ਕਪੂਰਥਲਾ 'ਚ ਧੁੰਦ ਕਾਰਨ ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਪਿੰਡ ਜਗਜੀਤਪੁਰ ਨੇੜੇ ਸ਼ਨੀਵਾਰ ਸਵੇਰੇ ਇਕ ਮਿੰਨੀ ਬੱਸ ਅਤੇ ਮੋਟਰਸਾਈਕਲ ਰਿਕਸ਼ਾ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਇੱਕ ਬੱਚੇ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ, ਜਦੋਂ ਕਿ ਡੇਢ ਸਾਲ ਦੀ ਬੱਚੀ ਸਮੇਤ ਦੋ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਰਾਵਲਪਿੰਡੀ ਦੇ ਐਸਐਚਓ ਕਿਰਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਿਰਕ ਵਾਸੀ ਰਾਮਪਾਲ ਨੇ ਦੱਸਿਆ ਕਿ ਉਸ ਦਾ ਰਿਸ਼ਤੇਦਾਰ ਬਲਵੀਰ ਕਲੋਨੀ, ਹੁਸ਼ਿਆਰਪੁਰ, ਗਰੀਬਦਾਸ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਉਸ ਨੂੰ ਮਿਲਣ ਲਈ ਸਾਈਕਲ ’ਤੇ ਆਇਆ ਹੋਇਆ ਸੀ। ਉਸ ਨੇ ਦੱਸਿਆ ਕਿ ਜਦੋਂ ਇਹ ਲੋਕ ਵਾਪਸ ਹੁਸ਼ਿਆਰਪੁਰ ਵੱਲ ਜਾ ਰਹੇ ਸਨ ਤਾਂ ਪਿੰਡ ਜਗਜੀਤਪੁਰ ਨੇੜੇ ਇੱਕ ਮੋਟਰਸਾਈਕਲ ਰੇਹੜੀ ਵਾਲੇ ਦੀ ਮਿੰਨੀ ਬੱਸ ਨਾਲ ਦੀ ਟੱਕਰ ਹੋ ਗਈ।
ਮੌਕੇ 'ਤੇ ਪਹੁੰਚੇ ਰਾਵਲਪਿੰਡੀ ਥਾਣੇ ਦੇ ਐੱਸਐੱਚਓ ਕਿਰਪਾਲ ਸਿੰਘ ਅਨੁਸਾਰ ਅੱਜ ਸਵੇਰੇ ਕਰੀਬ ਸਾਢੇ 9 ਵਜੇ ਹੁਸ਼ਿਆਰਪੁਰ ਦੀ ਬਲਵੀਰ ਕਾਲੋਨੀ 'ਚ ਰਹਿੰਦੇ ਇੱਕ ਪਰਿਵਾਰ ਦੇ 5 ਵਿਅਕਤੀ ਮੋਟਰਸਾਈਕਲ ਰੇਹੜੀ 'ਤੇ ਫਗਵਾੜਾ ਤੋਂ ਵਾਪਸ ਹੁਸ਼ਿਆਰਪੁਰ ਵੱਲ ਜਾ ਰਹੇ ਸਨ। ਪਿੰਡ ਜਗਜੀਤਪੁਰ ਨੇੜੇ ਇੱਕ ਨਿੱਜੀ ਮਿੰਨੀ ਬੱਸ ਨਾਲ ਉਸ ਦੀ ਮੋਟਰਸਾਈਕਲ ਰੇਹੜੀ ਦੀ ਜ਼ਬਰਦਸਤ ਟੱਕਰ ਹੋ ਗਈ। ਐਸਐਚਓ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਗਰੀਬਦਾਸ, ਉਸਦੀ ਸੱਸ ਫੂਲਵਤੀ ਅਤੇ ਉਸਦੇ ਤਿੰਨ ਸਾਲਾ ਬੱਚੇ ਮਨਪ੍ਰੀਤ ਦੀ ਮੌਤ ਹੋ ਗਈ।
ਇਸ ਹਾਦਸੇ ’ਚ ਰਜਨੀ ਪਤਨੀ ਗਰੀਬਦਾਸ ਅਤੇ ਉਸ ਦੀ ਡੇਢ ਸਾਲ ਦੀ ਬੇਟੀ ਗੁਰਪ੍ਰੀਤ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸ ਨੇ ਦੱਸਿਆ ਕਿ ਪ੍ਰਾਈਵੇਟ ਮਿੰਨੀ ਬੱਸ ਇੱਕ ਮਿੱਲ ਦੀ ਲੇਬਰ ਦੀ ਢੋਆ-ਢੁਆਈ ਦਾ ਕੰਮ ਕਰਦੀ ਹੈ। ਬੱਸ ਨੂੰ ਕਬਜ਼ੇ ਵਿੱਚ ਲੈ ਕੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਐਸਐਚਓ ਕਿਰਪਾਲ ਸਿੰਘ ਨੇ ਇਹ ਵੀ ਦੱਸਿਆ ਕਿ ਜ਼ਖ਼ਮੀ ਰਜਨੀ ਦੇ ਬਿਆਨਾਂ ’ਤੇ ਮਿੰਨੀ ਬੱਸ ਚਾਲਕ ਜਸਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਵੀ ਰਾਊਂਡਅਪ ਕਰ ਲਿਆ ਗਿਆ ਹੈ।
(For more news apart from 3 killed, 2 injured in minibus collision in Kapurthala News in Punjabi, stay tuned to Rozana Spokesman)