
ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਇੱਥੇ ਇਕ ਸਮਾਗਮ ਵਿਚ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਦਰਬਾਰ...
ਬਠਿੰਡਾ (ਸਸਸ) : ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਇੱਥੇ ਇਕ ਸਮਾਗਮ ਵਿਚ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ ਜਾ ਕੇ ਪੂਰੇ ਬਾਦਲ ਪਰਵਾਰ ਵਲੋਂ ਮਾਫ਼ੀ ਮੰਗਣਾ ‘ਨਾਲਾਇਕ ਔਲਾਦ’ ਦੀ ਨਿਸ਼ਾਨੀ ਹੈ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਦੀਆਂ ਗ਼ਲਤੀਆਂ ਨੂੰ ਭੁਗਤਦੇ ਹੋਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਨੇ ਧਾਰਮਿਕ ਸੇਵਾ ਕੀਤੀ ਤੇ ਨਾਲ ਹੀ ਉਨ੍ਹਾਂ ਨੂੰ ਮਾਫ਼ੀ ਮੰਗਣੀ ਪਈ।
ਮਨਪ੍ਰੀਤ ਸਿੰਘ ਬਾਦਲ ਨੇ ਤਿੱਖੇ ਸ਼ਬਦਾਂ ਵਿਚ ਅਕਾਲੀ ਦਲ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਵਲੋਂ ਪਛਤਾਵਾ ਕਰਨ ਦਾ ਸਪੱਸ਼ਟ ਮਤਲਬ ਇਹ ਬਣਦਾ ਹੈ ਕਿ ਅਕਾਲੀ ਦਲ ਹਮੇਸ਼ਾ ਤੋਂ ਹੀ ਪੰਜਾਬ ਵਿਰੋਧੀ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬਾਦਲ ਪਰਵਾਰ ਨੇ ਜਾਣੇ-ਅਣਜਾਣੇ ਵਿਚ ਹੋਈਆਂ ਗ਼ਲਤੀਆਂ ਲਈ ਮਾਫ਼ੀ ਤਾਂ ਮੰਗੀ ਪਰ ਅਸਲ ਵਿਚ ਅਣਜਾਣੇ ਵਿਚ ਗ਼ਲਤੀਆਂ ਘੱਟ ਅਤੇ ਜਾਣ ਬੁੱਝ ਕੇ ਜ਼ਿਆਦਾ ਹੋਈਆਂ।
ਉਨ੍ਹਾਂ ਨੇ ਕਿਹਾ ਕਿ ਹੁਣ ਲੋਕ ਕਿਸੇ ਵੀ ਹਾਲ ਵਿਚ ਇਨ੍ਹਾਂ ਨੂੰ ਮੂੰਹ ਨਹੀਂ ਲਗਾਉਣਗੇ। ਇਸ ਮੌਕੇ ‘ਤੇ ਅਰੁਣ ਵਧਾਵਨ, ਰਾਜਨ ਗਰਗ, ਅਨਿਲ ਭੋਲਾ, ਕੌਂਸਲਰ ਜੁਗਰਾਜ ਸਿੰਘ, ਇੰਦਰਜੀਤ ਸਾਹਨੀ, ਵਪਾਰ ਮੰਡਲ ਦੇ ਪ੍ਰਧਾਨ ਰਾਜੂ ਭੱਠੇ ਵਾਲਾ ਤੇ ਹੋਰ ਮੌਜੂਦ ਸਨ।
ਦੱਸ ਦਈਏ ਕਿ ਬੀਤੇ ਦਿਨੀਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਪਣੇ ਪੂਰੇ ਪਰਵਾਰ ਦੇ ਨਾਲ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸਨ ਅਤੇ ਉੱਥੇ ਉਨ੍ਹਾਂ ਨੇ ਅਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਹੋਈਆਂ ਗ਼ਲਤੀਆਂ ਦੀ ਮਾਫ਼ੀ ਮੰਗੀ ਪਰ ਇਹ ਨਹੀਂ ਦੱਸਿਆ ਕਿ ਉਹ ਗ਼ਲਤੀਆਂ ਕਿਹੜੀਆਂ ਸਨ ਜਿਨ੍ਹਾਂ ਦੀ ਉਨ੍ਹਾਂ ਨੂੰ ਮਾਫ਼ੀ ਮੰਗਣੀ ਪੈ ਰਹੀ ਹੈ। ਬਾਦਲ ਪਰਵਾਰ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ ਅਤੇ ਜੋੜਾ ਘਰ ਵਿਚ ਵੀ ਸੇਵਾ ਕੀਤੀ।
ਇਸ ਦੌਰਾਨ ਬਾਕੀ ਪਾਰਟੀਆਂ ਨੇ ਬਾਦਲਾਂ ਉਤੇ ਕਈ ਤਰ੍ਹਾਂ ਨੇ ਨਿਸ਼ਾਨ ਸਾਧਦੇ ਹੋਏ ਕਿਹਾ ਕਿ ਇਹ ਬਾਦਲਾਂ ਦਾ ਡਰਾਮਾ ਹੈ, ਇਹ ਸਭ ਚੋਣਾਂ ਨਜ਼ਦੀਕ ਆਉਣ ਕਾਰਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਧਾਰਮਿਕ ਸੇਵਾ ਨੂੰ ਸਿਆਸਤ ਕਰਾਰ ਦਿਤਾ ਸੀ।