
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਪਰੇਸ਼ਨ ਠੀਕ ਠਾਕ ਹੋ ਗਿਆ ਹੈ। ਹਸਪਤਾਲ ਵਲੋਂ ਜਾਰੀ ਮੈਡੀਕਲ ਬੁਲੇਟਿਨ ਵਿਚ ਇਸ ਦੀ ਜਾਣਕਾਰੀ ਦਿਤੀ ਗਈ ਹੈ। ਦਸ ...
ਚੰਡੀਗੜ੍ਹ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਪਰੇਸ਼ਨ ਠੀਕ ਠਾਕ ਹੋ ਗਿਆ ਹੈ। ਹਸਪਤਾਲ ਵਲੋਂ ਜਾਰੀ ਮੈਡੀਕਲ ਬੁਲੇਟਿਨ ਵਿਚ ਇਸ ਦੀ ਜਾਣਕਾਰੀ ਦਿਤੀ ਗਈ ਹੈ। ਦਸ ਦਈਏ ਕਿ ਬੀਤੀ ਸ਼ਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਇਕ ਵਾਰ ਫਿਰ ਨਾਸਾਜ਼ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਪੀਜੀਆਈ ਚੰਡੀਗੜ੍ਹ ਵਿਚ ਕਿਡਨੀ ਸਟੋਨ ਕੱਢਣ ਲਈ ਦਾਖ਼ਲ ਕਰਵਾਇਆ ਗਿਆ ਸੀ।
ਉਨ੍ਹਾਂ ਖ਼ੁਦ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਸਿਆ ਸੀ ਕਿ ਇਕ ਸਧਾਰਨ ਲੇਜ਼ਰ ਪ੍ਰਕਿਰਿਆ ਰਾਹੀਂ ਉਨ੍ਹਾਂ ਦਾ ਅਪਰੇਸ਼ਨ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਹ ਮੰਗਲਵਾਰ ਤਕ ਕੰਮ 'ਤੇ ਵਾਪਸ ਆ ਜਾਣਗੇ। ਫਿਲਹਾਲ ਉਨ੍ਹਾਂ ਦਾ ਅਪਰੇਸ਼ਨ ਠੀਕ ਠਾਕ ਹੋ ਗਿਆ ਹੈ। ਜਾਣਕਾਰੀ ਅਨੁਸਾਰ ਉਂਝ ਕਈ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਚੱਲ ਰਹੀ ਸੀ, ਜਿਸ ਕਾਰਨ ਜਿੱਥੇ ਉਨ੍ਹਾਂ ਨੇ ਇਕ ਵਾਰ ਪੰਜਾਬ ਕੈਬਨਿਟ ਦੀ ਮੀਟਿੰਗ ਟਾਲ ਦਿਤੀ ਸੀ,
ਉਥੇ ਹੀ ਉਹ ਸਿਹਤ ਖ਼ਰਾਬ ਹੋਣ ਕਾਰਨ ਇਕ ਅਖ਼ਬਾਰ ਦੇ ਮੁਹਾਲੀ ਵਿਚ ਹੋਏ ਉਸ ਸਮਾਗਮ ਵਿਚ ਵੀ ਨਹੀਂ ਪਹੁੰਚ ਸਕੇ ਸਨ, ਜਿਸ ਵਿਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸ਼ਿਰਕਤ ਕੀਤੀ ਸੀ। ਇਸ ਤੋਂ ਬਾਅਦ ਖ਼ੁਦ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਜਾ ਕੇ ਉਨ੍ਹਾਂ ਦੀ ਖ਼ਬਰਸਾਰ ਲਈ ਸੀ।
ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਨਵੰਬਰ ਦੇ ਅਖ਼ੀਰਲੇ ਹਫ਼ਤੇ ਉਨ੍ਹਾਂ ਨੂੰ ਬੁਖ਼ਾਰ ਅਤੇ ਸਰੀਰ ਵਿਚ ਮਾਮੂਲੀ ਦਰਦ ਦੀ ਸ਼ਿਕਾਇਤ ਮਗਰੋਂ ਪੀਜੀਆਈ ਵਿਖੇ ਦਾਖ਼ਲ ਕਰਵਾਇਆ ਗਿਆ ਸੀ। ਉਸ ਸਮੇਂ ਡਾਕਟਰਾਂ ਨੇ ਇਲਾਜ ਮਗਰੋਂ ਉਨ੍ਹਾਂ ਨੂੰ ਆਰਾਮ ਦੀ ਸਲਾਹ ਦਿਤੀ ਸੀ। ਫਿਲਹਾਲ ਕਿਹਾ ਜਾ ਰਿਹੈ ਕਿ ਉਹ ਅਪਣੇ ਇਲਾਜ ਮਗਰੋਂ ਜਲਦ ਕੰਮ 'ਤੇ ਵਾਪਸ ਆ ਜਾਣਗੇ।