
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਸੂਬਿਆਂ ਵਿੱਚ ਕਾਂਗਰਸ ਦੀ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇਸ ਨੂੰ ਪਾਰਟੀ ਦੇ ਕੌਮੀ....
ਚੰਡੀਗੜ੍ਹ (ਸ.ਸ.ਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਸੂਬਿਆਂ ਵਿੱਚ ਕਾਂਗਰਸ ਦੀ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇਸ ਨੂੰ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਲੀਡਰਸ਼ਿਪ ਲਈ ਫ਼ਤਵਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਤੀਜਿਆਂ ਨਾਲ ਮੁਲਕ ਵਿੱਚ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੇ ਅੰਤ ਦਾ ਮੁੱਢ ਬੱਝ ਗਿਆ ਹੈ। ਅੱਜ ਐਲਾਨੇ ਗਏ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੀ ਕਾਰਗੁਜ਼ਾਰੀ ਤੋਂ ਦੇਸ਼ ਵਿੱਚ ਪਾਰਟੀ ਦੇ ਉਭਾਰ ਦਾ ਪ੍ਰਗਟਾਵਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਇਹ ਨਤੀਜੇ ਸਪੱਸ਼ਟ ਦਰਸਾਉਂਦੇ ਹਨ ਕਿ ਦੇਸ਼ ਦੇ ਲੋਕ ਨਰਿੰਦਰ ਮੋਦੀ ਸਰਕਾਰ ਦੀਆਂ ਫੁੱਟਪਾਊ ਅਤੇ ਵਿਕਾਸ ਵਿਰੋਧੀ ਨੀਤੀਆਂ ਤੋਂ ਪੂਰੀ ਤਰ੍ਹਾਂ ਅੱਕ ਗਏ ਹਨ ਅਤੇ ਉਹ ਹੁਣ ਤਬਦੀਲੀ ਚਾਹੁੰਦੇ ਹਨ। ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦੀ ਜਿੱਤ ਲਈ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਅਤੇ ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਨੂੰ ਵਧਾਈ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਗਤੀਸ਼ੀਲ ਅਗਵਾਈ ਹੇਠ ਪਾਰਟੀ ਸਪੱਸ਼ਟ ਤੌਰ 'ਤੇ ਮੁੜ ਸੁਰਜੀਤ ਹੋ ਗਈ ਹੈ।
ਇਨ੍ਹਾਂ ਨਤੀਜਿਆਂ ਤੋਂ ਦੇਸ਼ ਦੇ ਬਦਲ ਰਹੇ ਮਿਜਾਜ਼ ਦਾ ਪ੍ਰਗਟਾਵਾ ਹੁੰਦਾ ਹੈ ਜੋ ਰਾਹੁਲ ਗਾਂਧੀ ਨੂੰ ਇਕ ਅਜਿਹੇ ਨੌਜਵਾਨ ਵਜੋ ਦੇਖ ਰਿਹਾ ਹੈ ਜੋ ਭਾਰਤ ਨੂੰ ਮੁੜ ਉਸੇ ਵਿਕਾਸ ਦੀ ਲੀਹ 'ਤੇ ਲਿਆਵੇਗਾ, ਜਿਸ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਵਿੱਚ ਪਿਛਲੀ ਯੂ.ਪੀ.ਏ. ਸਰਕਾਰ ਨੇ ਵਿਕਾਸ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪੰਜ ਸਾਲ ਪਹਿਲਾਂ ਕੀਤੇ ਵਾਅਦੇ ਵਫ਼ਾ ਨਾ ਕਰਨ 'ਤੇ ਦੇਸ਼ ਵਾਸੀ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਇਸੇ ਤਰ੍ਹਾਂ ਲੋਕ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਫੈਲੀ ਫਿਰਕੂ ਨਫ਼ਰਤ ਅਤੇ ਹਿੰਸਾ ਦਾ ਅੰਤ ਦੇਖਣ ਲਈ ਵੀ ਬੇਤਾਬ ਹਨ।
ਮੁੱਖ ਮੰਤਰੀ ਦੇ ਕਿਹਾ ਕਿ ਇਹ ਪਲ ਸਿਰਫ ਕਾਂਗਰਸ ਪਾਰਟੀ ਲਈ ਹੀ ਨਹੀਂ ਸਗੋਂ ਇਸ ਮੁਲਕ ਦੇ ਅਵਾਮ ਲਈ ਵੀ ਜਸ਼ਨ ਮਨਾਉਣ ਵਾਲੇ ਹਨ।