
ਚੰਡੀਗੜ੍ਹ ਦੇ ਸੈਕਟਰ-35 ਸਥਿਤ ਕਿਸਾਨ ਭਵਨ ਦੇ ਕਮਰਾ ਨੰਬਰ 208 ਵਿਚ ਪੰਜਾਬ ਪੁਲਿਸ ਦੇ ਏਐਸਆਈ ਦੀ ਲਾਸ਼...
ਚੰਡੀਗੜ੍ਹ (ਸਸਸ) : ਚੰਡੀਗੜ੍ਹ ਦੇ ਸੈਕਟਰ-35 ਸਥਿਤ ਕਿਸਾਨ ਭਵਨ ਦੇ ਕਮਰਾ ਨੰਬਰ 208 ਵਿਚ ਪੰਜਾਬ ਪੁਲਿਸ ਦੇ ਏਐਸਆਈ ਦੀ ਲਾਸ਼ ਮਿਲਣ ਨਾਲ ਹਫ਼ੜਾ-ਦਫ਼ੜੀ ਮੱਚ ਗਈ ਹੈ। ਡਿਊਟੀ ‘ਤੇ ਤੈਨਾਤ ਹੋਰ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਇਸ ਬੇਸੁਰਤ ਵਿਚ ਵੇਖਿਆ ਤਾਂ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿਤੀ। ਸੂਚਨਾ ‘ਤੇ ਪਹੁੰਚੀ ਪੁਲਿਸ ਪੀਸੀਆਰ ਨੇ ਏਐਸਆਈ ਨੂੰ ਜੀਐਮਐਸਐਚ-16 ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ।
ਮ੍ਰਿਤਕ ਦੀ ਪਹਿਚਾਣ ਮੁਕੇਰੀਆਂ (ਪੰਜਾਬ) ਦੇ ਪਿੰਡ ਮੀਰਥਲ ਨਿਵਾਸੀ ਜਸਵਿੰਦਰ ਸਿੰਘ (43) ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਹਾਲਾਂਕਿ ਮੌਤ ਕਿਸ ਕਾਰਨ ਨਾਲ ਹੋਈ ਹੈ, ਇਹ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਕਿ ਸੈਕਟਰ-35 ਦੇ ਕਿਸਾਨ ਭਵਨ ਵਿਚ ਇਕ ਪੁਲਿਸ ਮੁਲਾਜ਼ਮ ਦੀ ਲਾਸ਼ ਪਈ ਹੋਈ ਹੈ।
ਸੂਚਨਾ ‘ਤੇ ਪਹੁੰਚੀ ਸੈਕਟਰ-36 ਥਾਣਾ ਪੁਲਿਸ ਨੇ ਆਸਪਾਸ ਦੇ ਲੋਕਾਂ ਦੇ ਬਿਆਨ ਦਰਜ ਕੀਤੇ। ਜਾਂਚ ਵਿਚ ਪੁਲਿਸ ਕਰਮਚਾਰੀ ਦੀ ਪਹਿਚਾਣ ਜਸਵਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਜਸਵਿੰਦਰ ਮੁਕੇਰੀਆਂ ਦੇ ਪਿੰਡ ਮੀਰਥਲ ਵਿਚ ਪਰਵਾਰ ਦੇ ਨਾਲ ਰਹਿੰਦਾ ਸੀ। ਸਟਾਫ਼ ਦੇ ਲੋਕਾਂ ਨੇ ਦੱਸਿਆ ਕਿ ਉਹ ਪੰਜਾਬ ਸੀਐਮ ਦੇ ਸੀਨੀਅਰ ਐਡਵਾਈਜ਼ਰ ਦੇ ਇਥੇ ਡਰਾਈਵਰ ਦੇ ਅਹੁਦੇ ‘ਤੇ ਤੈਨਾਤ ਸੀ। ਸ਼ਨਿਚਰਵਾਰ ਰਾਤ ਨੂੰ ਇੰਡਸਟਰੀਅਲ ਏਰੀਆ ਸਥਿਤ ਇਕ ਹੋਟਲ ਵਿਚ ਪਾਰਟੀ ਸਮਾਰੋਹ ਸੀ, ਜਿਸ ਵਿਚ ਉਨ੍ਹਾਂ ਦੀ ਨਿਯੁਕਤੀ ਸਿਕਓਰਿਟੀ ਵਿਚ ਕੀਤੀ ਗਈ ਸੀ।
ਦੇਰ ਰਾਤ ਕਰੀਬ ਸਵਾ ਬਾਰ੍ਹਾਂ ਵਜੇ ਦੋ ਹੋਰ ਪੁਲਿਸ ਕਰਮਚਾਰੀਆਂ ਦੇ ਨਾਲ ਡਿਊਟੀ ਖ਼ਤਮ ਕਰ ਕੇ ਜਸਵਿੰਦਰ ਕਿਸਾਨ ਭਵਨ ਦੀ ਦੂਜੀ ਮੰਜ਼ਿਲ ‘ਤੇ ਪਹੁੰਚੇ। ਜਿੱਥੇ ਉਹ ਕਮਰਾ ਨੰਬਰ 208 ਵਿਚ ਰੁਕੇ ਹੋਏ ਸਨ। ਐਤਵਾਰ ਸਵੇਰੇ ਜਸਵਿੰਦਰ ਨੂੰ ਹੋਰ ਸਾਥੀਆਂ ਨੇ ਜਦੋਂ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਉੱਠੇ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਸਰੀਰ ‘ਤੇ ਕੋਈ ਜਖ਼ਮ ਦਾ ਨਿਸ਼ਾਨ ਨਹੀਂ ਮਿਲਿਆ ਹੈ।
ਫ਼ਿਲਹਾਲ ਪਰਵਾਰ ਨੂੰ ਸੂਚਿਤ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਰਿਪੋਰਟ ਆਉਣ ਤੋਂ ਬਾਅਦ ਮੌਤ ਦਾ ਕਾਰਨ ਪਤਾ ਲੱਗ ਸਕੇਗਾ। ਸੈਕਟਰ-36 ਥਾਣਾ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਉਥੇ ਹੀ, ਦੱਸਿਆ ਜਾ ਰਿਹਾ ਹੈ ਕਿ ਮੌਤ ਦਾ ਕਾਰਨ ਹਾਰਟਅਟੈਕ ਹੋ ਸਕਦਾ ਹੈ।