
ਮਜ਼ਦੂਰਾਂ ਅਤੇ ਪੱਲੇਦਾਰਾਂ ਦਾ ਕੰਮ ਕਰਨ ਦਾ ਸਮਾਂ ਨਿਸ਼ਚਿਤ ਕੀਤਾ ਜਾਵੇਗਾ।
ਚੰਡੀਗੜ੍ਹ - ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਆਪਣਾ ਪੰਜਾਬ ਮਾਡਲ ਪੇਸ਼ ਕੀਤਾ। ਸਿੱਧੂ ਨੇ ਸ਼ਹਿਰੀ ਮਜ਼ਦੂਰਾਂ ਨੂੰ ਰੁਜ਼ਗਾਰ ਦੀ ਗਾਰੰਟੀ ਦੇਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮਨਰੇਗਾ ਵਾਂਗ ਸ਼ਹਿਰ ਵਿਚ ਵੀ ਰੁਜ਼ਗਾਰ ਯੋਜਨਾ ਤਿਆਰ ਕੀਤੀ ਜਾਵੇਗੀ। ਇਸ ਤਹਿਤ ਹੁਨਰਮੰਦ ਅਤੇ ਅਕੁਸ਼ਲ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇਗਾ। ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ਵਿਚ ਗਰੀਬਾਂ ਨੂੰ ਪਹਿਲ ਦਿੱਤੀ ਜਾਵੇਗੀ।ਇਸ ਦੇ ਨਾਲ ਹੀ ਮਜ਼ਦੂਰਾਂ ਅਤੇ ਪੱਲੇਦਾਰਾਂ ਦਾ ਕੰਮ ਕਰਨ ਦਾ ਸਮਾਂ ਨਿਸ਼ਚਿਤ ਕੀਤਾ ਜਾਵੇਗਾ।
ਉਨ੍ਹਾਂ ਦੇ ਭੱਤੇ ਵੀ ਤੈਅ ਕੀਤੇ ਜਾਣਗੇ। ਹੁਣ ਕੰਪਨੀਆਂ ਲੋਕਾਂ ਤੋਂ 20 ਘੰਟੇ ਕੰਮ ਲੈ ਰਹੀਆਂ ਹਨ ਅਤੇ ਸਿਰਫ਼ ਅੱਠ ਘੰਟੇ ਦੇ ਪੈਸੇ ਦੇ ਰਹੀਆਂ ਹਨ। ਪੰਜਾਬ ਮਾਡਲ ਵਿਚ ਕੰਪਨੀਆਂ ਅੱਠ ਘੰਟੇ ਤੋਂ ਵੱਧ ਕੰਮ ਨਹੀਂ ਲੈ ਸਕਣਗੀਆਂ। ਜੇ ਕੋਈ ਕੰਪਨੀ ਤੁਹਾਡੇ ਤੋਂ ਕੰਮ ਕਰਵਾਉਂਦੀ ਹੈ ਤਾਂ ਉਸ ਨੂੰ ਉਸ ਦਾ ਭੁਗਤਾਨ ਵੀ ਕਰਨਾ ਹੋਵੇਗਾ। ਇਸ ਦੇ ਨਾਲ ਹੀ ਮਹਿੰਗਾਈ 'ਤੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਅੱਜ ਹਰ ਚੀਜ਼ ਦੀ ਕੀਮਤ ਦੁੱਗਣੀ ਹੋ ਗਈ ਹੈ। ਗਰੀਬਾਂ ਦਾ ਜਿਊਣਾ ਔਖਾ ਹੋ ਗਿਆ ਹੈ। ਇਸ ਵਧਦੀ ਮਹਿੰਗਾਈ ਦਾ ਸਿੱਧੂ 'ਤੇ ਕੋਈ ਅਸਰ ਨਹੀਂ ਹੈ, ਪਰ ਇਸ ਦਾ ਅਸਰ ਮਜ਼ਦੂਰਾਂ 'ਤੇ ਜ਼ਰੂਰ ਪੈਂਦਾ ਹੈ।
Navjot Sidhu
ਇਸ ਦੇ ਨਾਲ ਹੀ ਦੱਸ ਦਈਏ ਕਿ ਨਵਜੋਤ ਸਿੱਧੂ ਅੱਜ ਸਵੇਰੇ ਅਚਾਨਕ ਮੋਹਾਲੀ ਦੇ ਮਦਨਪੁਰਾ ਚੌਕ 'ਚ ਪਹੁੰਚ ਗਏ। ਮਦਨਪੁਰਾ ਚੌਕ ਨੂੰ ਲੇਬਰ ਚੌਕ ਵੀ ਕਿਹਾ ਜਾਂਦਾ ਹੈ। ਕਿਉਂਕਿ ਸਵੇਰੇ ਹੀ ਇੱਥੇ ਵਰਕਰ ਇਕੱਠੇ ਹੋ ਜਾਂਦੇ ਹਨ। ਸਿੱਧੂ ਚੌਕ ਵਿਚ ਸੜਕ ਦੇ ਡਿਵਾਈਡਰ ’ਤੇ ਬੈਠ ਕੇ ਮਜ਼ਦੂਰਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ। ਇਸ ਦੌਰਾਨ ਲੋਕਾਂ ਨੇ ਸਿੱਧੂ ਨਾਲ ਸੈਲਫੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੁਝ ਨੇ ਉਨ੍ਹਾਂ ਨੂੰ ਸ਼ੇਅਰ ਸੁਣਾਉਣ ਲਈ ਕਿਹਾ।
Navjot Sidhu arrives at Madanpura Chowk, Mohali
ਮਜ਼ਦੂਰਾਂ ਨਾਲ ਗੱਲਬਾਤ ਦੌਰਾਨ ਸਿੱਧੂ ਨੇ ਪੁੱਛਿਆ ਕਿ ਕਿੰਨੇ ਲੋਕਾਂ ਕੋਲ ਲੇਬਰ ਕਾਰਡ ਹਨ। ਉੱਥੇ ਮੌਜੂਦ ਸਿਰਫ਼ ਦੋ ਵਿਅਕਤੀਆਂ ਕੋਲ ਹੀ ਪਾਸ ਕਾਰਡ ਸਨ। ਸਿੱਧੂ ਨੇ ਕਿਹਾ ਕਿ ਇਹ ਕਿੰਨੇ ਪੈਸੇ ਦੇ ਕੇ ਬਣਾਇਆ ਗਿਆ ਸੀ। ਤਾਂ ਦੋ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਹ ਤੋਂ ਸੌ ਰੁਪਏ ਦਿੱਤੇ ਹਨ। ਸਿੱਧੂ ਨੇ ਕਿਹਾ ਕਿ ਇੰਨੇ ਲੋਕਾਂ 'ਚੋਂ ਸਿਰਫ ਦੋ ਦੇ ਹੀ ਕਾਰਡ ਹਨ ਬਾਕੀਆਂ ਨੇ ਕਿਉਂ ਨਹੀਂ ਬਣਾਏ।
Navjot Sidhu arrives at Madanpura Chowk, Mohali
ਮਜ਼ਦੂਰਾਂ ਨੇ ਸਿੱਧੂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਕਾਰਡ ਬਣਾਉਣ ਲਈ ਪੈਸੇ ਮੰਗਦੇ ਹਨ। ਕਿਸੇ ਨੇ ਦੱਸਿਆ ਕਿ ਆਧਾਰ ਕਾਰਡ ਦੇਖ ਕੇ ਉਹ ਲੇਬਰ ਕਾਰਡ ਬਣਾਉਣ ਤੋਂ ਇਨਕਾਰ ਕਰ ਦਿੰਦੇ ਹਨ। ਮਜ਼ਦੂਰਾਂ ਨੇ ਕਿਹਾ ਕਿ ਇੱਕ ਦਿਨ ਦਿਹਾੜੀ ਲੱਗ ਜਾਂਦੀ ਹੈ, ਦੋ ਦਿਨ ਨਹੀਂ ਲੱਗਦੀ ਕਿ ਪੈਸੇ ਕਿੱਥੋਂ ਲੈ ਕੇ ਆਈਏ। ਜਾਂ ਤਾਂ ਕਾਰਡ ਬਣਾਉਣ 'ਤੇ ਪੈਸਾ ਖਰਚ ਹੋ ਜਾਂਦਾ ਹੈ ਜਾਂ ਫਿਰ ਰਾਸ਼ਨ ਲੈ ਕੇ ਜਾਣ 'ਤੇ।