
ਕਾਲੇ ਕਾਨੂੰਨਾਂ ਨਾਲ ਦੇਸ਼ ਦਾ ਅਰਥਚਾਰਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ : ਮਨਜੀਤ ਧਨੇਰ
ਕਿਹਾ, ਪਛਮੀ ਬੰਗਾਲ ਦੇ ਲੋਕ ਭਾਜਪਾ ਨੂੰ ਹਰਾਉਣ ਲਈ ਤਿਆਰ ਬੈਠੇ ਹਨ
ਨਵੀਂ ਦਿੱਲੀ, 17 ਮਾਰਚ (ਸ਼ੈਸਵ ਨਾਗਰਾ): ਕੇਂਦਰ ਸਰਕਾਰ ਵਲੋਂ ਲਿਆਂਦੇ ਕਾਲੇ ਕਾਨੂੰਨ ਕਦੇ ਵੀ ਕਿਸਾਨ ਪੱਖੀ ਨਹੀਂ ਹੋ ਸਕਦੇ ਸਗੋਂ ਇਹ ਕਾਨੂੰਨ ਕਾਰਪੋਰੇਟ ਪੱਖੀ ਕਿਸਾਨਾਂ ਨੂੰ ਮਾਰਨ ਵਾਲੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ | ਮਨਜੀਤ ਧਨੇਰ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਕਾਲੇ ਕਾਨੂੰਨਾਂ ਨਾਲ ਦੇਸ਼ ਦਾ ਅਰਥਚਾਰਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ |
ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ਅਨੁਸਾਰ ਪਛਮੀ ਬੰਗਾਲ ਵਿਚ ਕਿਸਾਨਾਂ ਦੇ ਵਫ਼ਦ ਨੇ ਮੋਦੀ ਨੂੰ ਹਰਾਉਣ ਦੀ ਅਪੀਲ ਕੀਤੀ ਅਤੇ ਬੰਗਾਲ ਦੇ ਲੋਕਾਂ ਨੂੰ ਕਾਲੇ ਕਾਨੂੰਨਾਂ ਬਾਰੇ ਸਮਝਾਇਆ | ਉਨ੍ਹਾਂ ਕਿਹਾ ਕਿ ਬੰਗਾਲ ਦੇ ਲੋਕ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਅਤੇ ਬੀਜੇਪੀ ਨੂੰ ਹਰਾਉਣ ਲਈ ਤਿਆਰ ਬੈਠੇ ਹਨ | ਉਨ੍ਹਾਂ ਕਿਹਾ ਕਿ ਬੀਜੇਪੀ ਸਰਕਾਰ ਵਿਚ ਛੇੜਖ਼ਾਨੀ ਨਾਲ ਤਾਂ ਜਿੱਤ ਸਕਦੀ ਹੈ | ਪਰ ਲੋਕਾਂ ਦੇ ਮਨਾਂ ਨੂੰ ਨਹੀਂ ਜਿੱਤ ਸਕਦੀ | ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਅਤੇ ਨੌਜਵਾਨਾਂ ਵਿਚ ਕੋਈ ਦੂਰੀ ਨਹੀਂ, ਕਿਸਾਨੀ ਮੋਰਚਾ ਪੂਰੀ ਤਰ੍ਹਾਂ ਇਕਜੁਟ ਅਤੇ ਮਜ਼ਬੂਤ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਨੈਸ਼ਨਲ ਮੀਡੀਆ ਕਿਸਾਨੀ ਅੰਦੋਲਨ ਅਤੇ ਨੌਜਵਾਨਾਂ ਵਿਚਕਾਰ ਗ਼ਲਤਫ਼ਹਿਮੀਆਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ | ਮਨਜੀਤ ਸਿੰਘ ਧਨੇਰ ਨੂੰ ਕਿਹਾ ਕਿ ਕਿਸਾਨੀ ਅੰਦੋਲਨ ਵਿਚ ਲੋਕਾਂ ਦੇ ਇਕੱਠ ਵਿਚ ਕੋਈ ਕਮੀ ਨਹੀਂ ਆਈ |