
ਪੰਜਾਬ ਦੀ ਨਵੀਂ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ ਕੱਲ੍ਹ ਸਵੇਰੇ 11 ਵਜੇ ਸਹੁੰ ਚੁੱਕਣਗੇ। ਇਹ ਸਹੁੰ ਚੁੱਕ ਸਮਾਗਮ ਰਾਜ ਭਵਨ ਵਿਚ ਹੋਵੇਗਾ।
ਚੰਡੀਗੜ੍ਹ: ਪੰਜਾਬ ਸਰਕਾਰ ਦੀ ਨਵੀਂ ਕੈਬਨਿਟ ਦੇ ਮੰਤਰੀ ਕੱਲ੍ਹ ਸਹੁੰ ਚੁੱਕਣ ਜਾ ਰਹੇ ਹਨ। ਇਸ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਹੁੰ ਚੁੱਕਣ ਜਾ ਰਹੇ 10 ਮੰਤਰੀਆਂ ਦੀ ਜਾਣਕਾਰੀ ਸਾਂਝੀ ਕੀਤੀ ਹੈ। ਟਵੀਟ ਕਰਦਿਆਂ ਮੁੱਖ ਮੰਤਰੀ ਨੇ ਲਿਖਿਆ, “ਪੰਜਾਬ ਦੇ ਹੋਣ ਵਾਲੇ ਸਾਰੇ ਮੰਤਰੀਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਪੰਜਾਬ ਦੇ ਲੋਕਾਂ ਨੇ ਸਾਨੂੰ ਸਾਰਿਆਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ, ਸਾਨੂੰ ਦਿਨ-ਰਾਤ ਮਿਹਨਤ ਕਰਕੇ ਲੋਕਾਂ ਦੀ ਸੇਵਾ ਕਰਨੀ ਹੈ ਅਤੇ ਇਕ ਇਮਾਨਦਾਰ ਸਰਕਾਰ ਦੇਣੀ ਹੈ। ਅਸੀਂ ਇੱਕ ਰੰਗਲਾ ਪੰਜਾਬ ਬਣਾਉਣਾ ਹੈ”।
ਭਲਕੇ ਸਹੁੰ ਚੁੱਕਣ ਜਾ ਰਹੇ ਮੰਤਰੀਆਂ ਵਿਚ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ, ਹਰਜੋਤ ਸਿੰਘ ਬੈਂਸ, ਲਾਲ ਚੰਦ ਕਟਾਰੂਚੱਕ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਬ੍ਰਹਮ ਸ਼ੰਕਰ ਜ਼ਿੰਪਾ, ਹਰਪਾਲ ਸਿੰਘ ਚੀਮਾ, ਡਾ. ਬਲਜੀਤ ਕੌਰ, ਹਰਭਜਨ ਸਿੰਘ, ਡਾ. ਵਿਜੇ ਸਿੰਗਲਾ ਸ਼ਾਮਲ ਹਨ। ਪੰਜਾਬ ਦੀ ਨਵੀਂ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ ਕੱਲ੍ਹ ਸਵੇਰੇ 11 ਵਜੇ ਸਹੁੰ ਚੁੱਕਣਗੇ। ਇਹ ਸਹੁੰ ਚੁੱਕ ਸਮਾਗਮ ਰਾਜ ਭਵਨ ਵਿਚ ਹੋਵੇਗਾ।
ਸਹੁੰ ਚੁੱਕ ਸਮਾਗਮ ਖਤਮ ਹੋਣ ਤੋਂ ਬਾਅਦ 12.30 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੈਬਨਿਟ ਦੀ ਪਹਿਲੀ ਮੀਟਿੰਗ ਹੋਵੇਗੀ। ਜਿਸ ਵਿਚ ‘ਆਪ’ ਦੇ ਚੋਣ ਐਲਾਨਾਂ ਸਬੰਧੀ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ। ਪੰਜਾਬ ਸਰਕਾਰ ਵਿਚ ਮੁੱਖ ਮੰਤਰੀ ਤੋਂ ਇਲਾਵਾ 17 ਮੰਤਰੀ ਬਣਾਏ ਜਾ ਸਕਦੇ ਹਨ। ਹਾਲਾਂਕਿ ਸ਼ੁਰੂਆਤ 'ਚ 10 ਮੰਤਰੀ ਸਹੁੰ ਚੁੱਕਣਗੇ। ਕੁਝ ਸਮੇਂ ਬਾਅਦ ਮਾਨ ਸਰਕਾਰ ਦਾ ਮੰਤਰੀ ਮੰਡਲ ਵਿਸਥਾਰ ਹੋਵੇਗਾ।