
'ਸਰਕਾਰ ਕਿਸਾਨਾਂ ਦੀ ਕਣਕ ਦਾ ਇਕ-ਇਕ ਦਾਣਾ ਖ਼ਰੀਦਣ ਲਈ ਪੂਰੀ ਤਰ੍ਹਾਂ ਵਚਨਬੱਧ'
ਜਗਰਾਉਂ, 17 ਅਪ੍ਰੈਲ (ਪਰਮਜੀਤ ਸਿੰਘ ਗਰੇਵਾਲ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ. ਕੈਪਟਨ ਸੰਦੀਪ ਸਿੰਘ ਸੰਧੂ ਜੋ ਲਗਾਤਾਰ ਹਲਕੇ ਦਾਖੇ ਦਾ ਦੌਰਾ ਕਰਦੇ ਹੋਏ ਬੇਟ ਇਲਾਕੇ ਦੀ ਅਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਹੋ ਰਹੇ ਗ਼ਰੀਬ ਵਰਗ ਦੇ ਲੋਕਾਂ ਲਈ ਸੁੱਕਾ ਰਾਸ਼ਨ ਪਹੁੰਚਦਾ ਕਰ ਰਹੇ ਹਨ।
ਹੁਣ ਉਨ੍ਹਾਂ ਨੇ ਇਲਾਕੇ ਦੇ ਸਹੁੰ ਖ਼ਰੀਦ ਕੇਂਦਰਾਂ 'ਚ ਕਣਕ ਦੀ ਕੀਤੀ ਜਾਣ ਵਾਲੀ ਖ਼ਰੀਦ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਜਾਣਕਾਰੀ ਹਾਸਲ ਕਰ ਰਹੇ ਹਨ, ਜਿਸ ਉਨ੍ਹਾਂ ਨੇ ਆਖਿਆ ਕਿ ਸੂਬਾ ਸਰਕਾਰ ਕਿਸਾਨਾਂ ਦੀ ਮੁੱਖ ਹਾੜੀ ਦੀ ਫ਼ਸਲ ਕਣਕ ਦਾ ਇਕ-ਇਕ ਦਾਣਾ ਖ਼ਰੀਦਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜਿਸ ਸਬੰਧੀ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਕਿਸਾਨਾਂ ਦੀ ਸਹੂਲਤ ਲਈ ਘੱਟ ਦੂਰੀ 'ਤੇ ਨਵੇਂ ਖ੍ਰੀਦ ਕੇਂਦਰ ਵੀ ਬਣਾਏ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾਂ ਆਵੇ।
ਉਨ੍ਹਾਂ ਇਸ ਮੌਕੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਕਣਕ ਦੀ ਕਟਾਈ ਅਤੇ ਕਣਕ ਨੂੰ ਮੰਡੀਆਂ 'ਚ ਲਿਆਉਣ ਸਮੇਂ ਪੂਰੀ ਤਰ੍ਹਾਂ ਸੁਚੇਤ ਰਹੇ ਤਾਂ ਜੋ ਇਸ ਕੋਰੋਨਾ ਦੀ ਬਿਮਾਰੀ ਨੂੰ ਜਲਦੀ ਖ਼ਤਮ ਕੀਤਾ ਜਾ ਸਕੇ। ਇਸ ਦੌਰਾਨ ਕਾਂਗਰਸ ਦੇ ਬਲਾਕ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ, ਨੰਬਰਦਾਰ ਸੁਰਿੰਦਰ ਸਿੰਘ ਟੀਟੂ, ਸਰਪੰਚ ਜਗਦੇਵ ਸਿੰਘ ਦਿਉਲ, ਸੰੰਮਤੀ ਮੈਂਬਰ ਸੁਖਦੇਵ ਸਿੰਘ ਗੋਰਸੀਆਂ, ਸਰਪੰਚ ਗੁਲਵੰਤ ਸਿੰਘ ਜੰਡੀ ਆਦਿ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਦੱਸੀਆਂ ਜਾ ਰਹੀਆਂ ਸਾਵਧਾਨੀਆਂ ਦਾ ਪੂਰਾ ਧਿਆਨ ਰੱਖਿਆ ਜਾਵੇ।