
ਥੋਕ ਮਹਿੰਗਾਈ ਅਪ੍ਰੈਲ ਵਿਚ ਵਧ ਕੇ 15.08 ਫ਼ੀ ਸਦੀ ਦੇ ਰਿਕਾਰਡ ਪੱਧਰ 'ਤੇ
ਨਵੀਂ ਦਿੱਲੀ, 17 ਮਈ : ਦੇਸ਼ ਦੀ ਜਨਤਾ ਨੂੰ ਮਹਿੰਗਾਈ ਦੇ ਮੋਰਚੇ 'ਤੇ ਇਕ ਤੋਂ ਬਾਅਦ ਇਕ ਵੱਡੇ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਧਦੀ ਮਹਿੰਗਾਈ ਨੂੰ ਕਾਬੂ ਕਰਨ ਲਈ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਸਾਬਤ ਹੋ ਰਹੀਆਂ ਹਨ |
ਪਿਛਲੇ ਸਮੇਂ ਵਿਚ, ਪ੍ਰਚੂਨ ਮਹਿੰਗਾਈ ਅੱਠ ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚ ਗਈ ਸੀ ਅਤੇ ਹੁਣ ਥੋਕ ਮਹਿੰਗਾਈ ਵਿਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ | ਸਰਕਾਰ ਵਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਥੋਕ ਮਹਿੰਗਾਈ ਦਰ ਅਪ੍ਰੈਲ 'ਚ 15.08 ਫ਼ੀਸਦੀ ਦੇ ਉੱਚ ਪੱਧਰ 'ਤੇ ਪਹੁੰਚ ਗਈ | ਪਿਛਲੇ ਮਹੀਨੇ ਮਾਰਚ 'ਚ ਇਹ 14.55 ਫ਼ੀਸਦੀ 'ਤੇ ਸੀ | ਥੋਕ ਮਹਿੰਗਾਈ ਦਾ ਇਹ ਅੰਕੜਾ ਪਿਛਲੇ ਨੌਂ ਸਾਲਾਂ ਵਿਚ ਸੱਭ ਤੋਂ ਵੱਡਾ ਹੈ | ਮੰਨਿਆ ਜਾ ਰਿਹਾ ਹੈ ਕਿ ਥੋਕ ਮਹਿੰਗਾਈ ਵਧਣ ਕਾਰਨ ਰਿਜ਼ਰਵ ਬੈਂਕ ਅਗਲੇ ਮਹੀਨੇ ਨੀਤੀ ਸਮੀਖਿਆ ਬੈਠਕ 'ਚ ਵਿਆਜ ਦਰਾਂ ਨੂੰ ਵਧਾਉਣ ਦਾ ਫ਼ੈਸਲਾ ਕਰ ਸਕਦਾ ਹੈ | ਵਣਜ ਅਤੇ ਉਦਯੋਗ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, ''ਅਪ੍ਰੈਲ 2022 'ਚ ਮਹਿੰਗਾਈ ਦੀ ਇੰਨੀ ਉਚੀ ਦਰ ਮੁੱਖ ਰੂਪ ਨਾਲ ਖਣਜ ਤੇਲਾਂ, ਮੂਲ ਧਾਤਾਂ, ਕੱਚੇ ਤੇਲ ਅਤੇ ਕੁਦਰਤੀ ਗੈਸ, ਖ਼ੁਰਾਕ ਵਸਤਾਂ, ਗ਼ੈਰ ਖ਼ੁਰਾਕ
ਵਸਤਾਂ, ਖ਼ੁਰਾਕ ਉਤਪਾਦਾਂ, ਰਸਾਇਨਾਂ ਅਤੇ ਰਸਾਇਣਿਕ ਉਤਪਾਦਾਂ ਆਦਿ ਦੀਆਂ ਕੀਮਤਾਂ 'ਚ ਵਾਧੇ ਕਾਰਨ ਹੋਈ |'' ਇਥੇ ਦਸ ਦੇਈਏ ਕਿ ਪਿਛਲੇ ਸਾਲ ਦੀ ਇਸੇ ਮਿਆਦ 'ਚ ਥੋਕ ਮਹਿੰਗਾਈ ਦਰ 10.74 ਫ਼ੀ ਸਦੀ 'ਤੇ ਸੀ | ਜ਼ਿਕਰਯੋਗ ਹੈ ਕਿ ਥੋਕ ਮਹਿੰਗਾਈ ਦਰ ਪਿਛਲੇ ਸਾਲ ਅਪ੍ਰੈਲ ਤੋਂ ਲਗਾਤਾਰ 13ਵੇਂ ਮਹੀਨੇ ਦੋਹਰੇ ਅੰਕਾਂ ਵਿਚ ਬਣੀ ਹੋਈ ਹੈ |
ਸਰਕਾਰੀ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਖ਼ੁਰਾਕੀ ਵਸਤਾਂ ਦੀ ਮਹਿੰਗਾਈ ਦਰ 8.35 ਫ਼ੀ ਸਦੀ ਰਹੀ ਕਿਉਂਕਿ ਸਬਜ਼ੀਆਂ, ਕਣਕ, ਫ਼ਲਾਂ ਅਤੇ ਆਲੂ ਦੀਆਂ ਕੀਮਤਾਂ 'ਚ ਇਕ ਸਾਲ ਪਹਿਲਾਂ ਦੇ ਮੁਕਾਬਲੇ ਤੇਜ਼ੀ ਨਾਲ ਵਾਧਾ ਹੋਇਆ ਹੈ | ਇਸ ਤੋਂ ਇਲਾਵਾ, ਈਾਧਨ ਅਤੇ ਬਿਜਲੀ ਦੀ ਮਹਿੰਗਾਈ ਦਰ 38.66 ਪ੍ਰਤੀਸ਼ਤ ਰਹੀ, ਜਦੋਂ ਕਿ ਨਿਰਮਿਤ ਉਤਪਾਦਾਂ ਅਤੇ ਤੇਲ ਬੀਜਾਂ ਵਿਚ ਇਹ ਕ੍ਰਮਵਾਰ 10.85 ਪ੍ਰਤੀਸ਼ਤ ਅਤੇ 16.10 ਪ੍ਰਤੀਸ਼ਤ ਰਹੀ | ਕੱਚੇ ਪਟਰੌਲੀਅਮ ਅਤੇ ਕੁਦਰਤੀ ਗੈਸ ਦੀ ਮਹਿੰਗਾਈ ਅਪ੍ਰੈਲ 'ਚ 69.07 ਫ਼ੀ ਸਦੀ ਰਹੀ |
ਸਰਕਾਰ ਦੁਆਰਾ ਪਿਛਲੇ ਹਫ਼ਤੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦੇਸ਼ ਵਿਚ ਪ੍ਰਚੂਨ ਮਹਿੰਗਾਈ ਦਰ ਅਪ੍ਰੈਲ ਵਿਚ ਅੱਠ ਸਾਲਾਂ ਦੇ ਉੱਚ ਪੱਧਰ 'ਤੇ ਪਹੁੰਚ ਗਈ | ਮਾਰਚ ਵਿਚ 6.95 ਫ਼ੀ ਸਦੀ ਦੇ ਮੁਕਾਬਲੇ ਅਪ੍ਰੈਲ ਵਿਚ ਇਹ 7.79 ਫ਼ੀ ਸਦੀ ਦੀ ਦਰ ਨਾਲ ਵਧਿਆ | ਮਹਿੰਗਾਈ 'ਤੇ ਕਾਬੂ ਪਾਉਣ ਲਈ ਆਰਬੀਆਈ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਰੈਪੋ ਤਰ 'ਚ 0.40 ਫ਼ੀ ਸਦੀ ਅਤੇ ਨਗਦ ਰਾਖਵੇਂ ਅਨੁਪਾਤ 'ਚ 0.50 ਫ਼ੀ ਸਦੀ ਦਾ ਵਧਾ ਕੀਤਾ ਸੀ |
(ਏਜੰਸੀ)