ਸੁਖਪਾਲ ਖਹਿਰਾ ਨੇ ਦੋ ਸਾਥੀ ਵਿਧਾਇਕਾਂ ਨੂੰ ਨਾਲ ਲੈ ਕੇ ਰਾਹੁਲ ਗਾਂਧੀ ਤੋਂ ਲਿਆ ਅਸ਼ੀਰਵਾਦ
ਦਿੱਲੀ ਪਹੁੰਚਣ ਬਾਅਦ ਰਸਮੀ ਤੌਰ 'ਤੇ ਹੋਈ ਪਾਰਟੀ 'ਚ ਸ਼ਮੂਲੀਅਤ, ਪੰਜਾਬ ਏਕਤਾ ਪਾਰਟੀ ਦਾ ਕਾਂਗਰਸ 'ਚ ਰਲੇਵਾਂ
ਚੰਡੀਗੜ੍ਹ, 17 ਜੂਨ (ਗੁਰਉਪਦੇਸ਼ ਭੁੱਲਰ): ਪਿਛਲੇ ਦਿਨੀ ਅਚਨਚੇਤ ਹੀ ਕਾਂਗਰਸ ਵਿਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕ ਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਅਪਣੇ ਦੋ ਹੋਰ ਸਾਥੀ ਵਿਧਾਇਕਾਂ ਜਗਦੇਵ ਸਿੰਘ ਕਮਾਲੂ ਅਤੇ ਪਿਰਮਲ ਸਿੰਘ ਖ਼ਾਲਸਾ ਸਮੇਤ ਦਿੱਲੀ ਪਹੁੰਚੇ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ਅਸ਼ੀਰਵਾਦ ਲਿਆ | ਭਾਵੇਂ ਖਹਿਰਾ ਤੇ ਉਸ ਦੇ ਸਾਥੀ ਦੋ ਵਿਧਾਇਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਵਿਚ ਸ਼ਾਮਲ ਕਰਨ ਦਾ ਐਲਾਨ ਪਿਛਲੇ ਦਿਨੀਂ ਕਰ ਦਿਤਾ ਸੀ ਪਰ ਇਨ੍ਹਾਂ ਦੀ ਕਾਂਗਰਸ ਵਿਚ ਰਸਮੀ ਸ਼ਮੂਲੀਅਤ ਅੱਜ ਰਾਹੁਲ ਗਾਂਧੀ ਨੂੰ ਮਿਲਣ ਬਾਅਦ ਹੋਈ ਹੈ | ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਵੀ ਮੌਜੂਦ ਸਨ |
ਖਹਿਰਾ ਦੀ ਰਾਹੁਲ ਨਾਲ ਉਸ ਸਮੇਂ ਮੁਲਾਕਾਤ ਨੂੰ ਕਾਂਗਰਸੀ ਹਲਕਿਆਂ ਵਿਚ ਅਹਿਮ ਮੰਨਿਆ ਜਾ ਰਿਹਾ ਹੈ ਜਦੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵਲੋਂ ਗਠਤ ਕਮੇਟੀ ਪੰਜਾਬ ਕਾਂਗਰਸ ਦਾ ਸੰਕਟ ਸੁਲਝਾਉਣ ਲਈ ਆਖ਼ਰੀ ਫ਼ੈਸਲੇ ਦੇ ਨੇੜੇ ਪਹੁੰਚ ਚੁੱਕੀ ਹੈ ਅਤੇ ਤਿੰਨ ਦਿਨ ਬਾਅਦ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਸਮੇਤ ਪ੍ਰਮੁੱਖ ਨੇਤਾ ਸੋਨੀਆ ਗਾਂਧੀ ਦੇ ਰੂਬਰੂ ਹੋਣਗੇ | ਪਤਾ ਲੱਗਾ ਹੈ ਕਿ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੂਰਾ ਭਰੋਸਾ ਪ੍ਰਗਟ ਕੀਤਾ ਹੈ | ਖਹਿਰਾ ਨੇ ਕੈਪਟਨ ਦਾ ਧਨਵਾਦ ਕ
imageਰਨ ਦੇ ਨਾਲ ਨਾਲ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ ਅਤੇ ਇਹ ਵੀ ਕਿਹਾ ਕਿ ਕੌਮੀ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਪਾਰਟੀ ਵਿਚ ਵਾਪਸੀ ਲਈ ਮੇਰੀ ਬਹੁਤ ਮਦਦ ਕੀਤੀ ਹੈ | ਅੱਜ ਖਹਿਰਾ ਤੇ 2 ਹੋਰ ਵਿਧਾਇਕ ਸੁਰਜੇਵਾਲਾ ਦੀ ਗੱਡੀ ਵਿਚ ਬੈਠ ਕੇ ਹੀ ਸਿੱਧੇ ਰਾਹੁਲ ਗਾਂਧੀ ਦੀ ਰਿਹਾਇਸ਼ 'ਤੇ ਪੁੱਜੇ | ਖਹਿਰਾ ਨੇ ਰਾਹੁਲ ਨਾਲ ਕਮਾਲੂ ਤੇ ਪਿਰਮਲ ਸਿੰਘ ਦੀ ਜਾਣ ਪਹਿਚਾਣ ਵੀ ਕਰਵਾਈ |
ਖਹਿਰਾ ਨੇ ਅੱਜ ਇਹ ਗੱਲ ਮੁੜ ਦੁਹਰਾਈ ਕਿ ਮੇਰਾ 'ਆਪ' ਵਿਚ ਜਾਣਾ ਵੱਡੀ ਸਿਆਸੀ ਭੁੱਲ ਸੀ ਪਰ ਅਸਲੀਅਤ ਸਾਹਮਣੇ ਆਈ ਕਿ ਇਸ ਪਾਰਟੀ ਵਿਚ ਇਕੋ ਹੀ ਬੰਦੇ ਦੀ ਤਾਨਾਸ਼ਾਹੀ ਚਲਦੀ ਹੈ | ਉਨ੍ਹਾਂ ਅਪਣੀ ਪੰਜਾਬ ਏਕਤਾ ਪਾਰਟੀ ਦਾ ਕਾਂਗਰਸ ਵਿਚ ਰਲੇਵਾਂ ਕਰਨ ਦਾ ਵੀ ਐਲਾਨ ਕੀਤਾ |
