
ਗੁਪਤ ਅੰਗ 'ਚ ਸੋਨਾ ਲੁਕਾ ਕੇ ਲਿਆਇਆ ਸੀ ਦੁਬਈ ਤੋਂ ਆਇਆ ਯਾਤਰੀ
ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਸੋਨੇ ਦੀ ਤਸਕਰੀ ਦੇ ਰੈਕੇਟ ਦਾ ਪਰਦਾਫ਼ਾਸ਼ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਫਿਲਹਾਲ ਇਕ ਵਿਅਕਤੀ ਨੂੰ ਹਿਰਾਸਤ 'ਚ ਲੈ ਕੇ ਪੁਛਗਿਛ ਕੀਤੀ ਜਾ ਰਹੀ ਹੈ।
ਮੁਲਜ਼ਮ ਇਸ ਸੋਨੇ ਨੂੰ ਪੇਸਟ ਦੇ ਰੂਪ ਵਿਚ ਅਪਣੇ ਗੁਪਤ ਅੰਗ ਵਿਚ ਲੁਕਾ ਕੇ ਲਿਆਇਆ ਸੀ, ਤਾਂ ਜੋ ਕਸਟਮ ਦੇ ਬਾਡੀ ਸਕੈਨਰ ਵਿਚ ਵੀ ਇਹ ਨਾ ਫੜਿਆ ਜਾ ਸਕੇ। ਕਸਟਮ ਵਿਭਾਗ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਯਾਤਰੀ ਦੁਬਈ ਤੋਂ ਪਰਤਿਆ ਸੀ। ਕਸਟਮ ਚੈਕਿੰਗ ਦੌਰਾਨ ਉਸ ਨੂੰ ਕਾਬੂ ਕੀਤਾ ਗਿਆ।
ਕਸਟਮ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਸੋਨੇ ਦੀ ਤਸਕਰੀ ਹੋ ਰਹੀ ਹੈ। ਜਦੋਂ ਮੁਲਜ਼ਮ ਤੋਂ ਸਖ਼ਤੀ ਨਾਲ ਪੁਛਗਿਛ ਕੀਤੀ ਗਈ ਤਾਂ ਉਸ ਨੇ ਅਪਣੇ ਗੁਪਤ ਅੰਗ ਵਿਚ ਲੁਕਾਏ ਸੋਨੇ ਦੇ ਪੇਸਟ ਦੇ ਤਿੰਨ ਕੈਪਸੂਲ ਬਾਰੇ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਪੁਛਗਿਛ ਕੀਤੀ ਜਾ ਰਹੀ ਹੈ।
ਜਦੋਂ ਕਸਟਮ ਵਿਭਾਗ ਨੇ ਉਸ ਦੇ ਗੁਪਤ ਅੰਗ ਵਿਚੋਂ ਸੋਨੇ ਦੀ ਪੇਸਟ ਬਰਾਮਦ ਕੀਤੀ ਤਾਂ ਉਸ ਦਾ ਭਾਰ 1.183 ਕਿਲੋ ਸੀ। ਇਸ ਨੂੰ ਸ਼ੁੱਧ ਸੋਨੇ ਵਿਚ ਬਦਲ ਦਿਤਾ ਗਿਆ, ਜਿਸ ਦਾ ਕੁੱਲ ਵਜ਼ਨ 844.80 ਗ੍ਰਾਮ ਸੀ। ਫੜੇ ਗਏ ਸੋਨੇ ਦੀ ਕੀਮਤ ਅੰਤਰਰਾਸ਼ਟਰੀ ਕੀਮਤ 49.94 ਲੱਖ ਰੁਪਏ ਦੱਸੀ ਗਈ ਹੈ। ਇਸ ਦੇ ਨਾਲ ਹੀ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਪੁਛਗਿਛ ਕੀਤੀ ਜਾ ਰਹੀ ਹੈ।