
ਮ੍ਰਿਤਕ ਦੇ ਮੂੰਹ ’ਚੋਂ ਝੱਗ ਅਤੇ ਨੱਕ ’ਚੋਂ ਖੂਨ ਵੀ ਵਹਿ ਰਿਹਾ ਸੀ
ਖੰਨਾ: ਮਾਛੀਵਾੜਾ ਸਾਹਿਬ ਵਿਚ ਨਸ਼ੇ ਦੀ ਓਵਰਡੋਜ਼ ਕਾਰਨ ਇਕ ਨੌਜੁਆਨ ਦੀ ਮੌਤ ਹੋ ਗਈ। ਦੇਰ ਰਾਤ ਸਥਾਨਕ ਜੀ-2 ਅਸਟੇਟ ਕਾਲੋਨੀ ਦੇ ਸੁੰਨਸਾਨ ਇਲਾਕੇ ਵਿਚ 23 ਸਾਲਾ ਸੁਖਅੰਮ੍ਰਿਤ ਸਿੰਘ ਵਾਸੀ ਰੂੜੇਵਾਲ ਦੀ ਲਾਸ਼ ਮਿਲੀ। ਮਿਲੀ ਜਾਣਕਾਰੀ ਅਨੁਸਾਰ ਕਾਲੋਨੀ ਵਿਚ ਸੁੰਨਸਾਨ ਥਾਂ ’ਤੇ ਝਾੜੀਆਂ ਕੋਲੋਂ ਲੰਘਦੇ ਇਕ ਵਿਅਕਤੀ ਨੇ ਮੋਟਰਸਾਈਕਲ ਖੜ੍ਹਾ ਦੇਖਿਆ ਅਤੇ ਨਾਲ ਹੀ ਇਕ ਨੌਜੁਆਨ ਝਾੜੀਆਂ ਵਿਚ ਡਿੱਗਿਆ ਪਿਆ ਸੀ।
ਇਹ ਵੀ ਪੜ੍ਹੋ: ਲੁਟੇਰੇ ਨਾਲ ਭਿੜੀ ਮਹਿਲਾ, ਹਵਾਈ ਫਾਇਰ ਕਰ ਕੇ ਫਰਾਰ ਹੋਇਆ ਲੁਟੇਰਾ
ਇਸ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਥਾਣਾ ਮੁਖੀ ਡੀ.ਐਸ.ਪੀ. ਮਨਦੀਪ ਕੌਰ ਅਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ। ਜਾਂਚ ਦੌਰਾਨ ਦੇਖਿਆ ਕਿ ਨੌਜੁਆਨ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਜੇਬ ਵਿਚੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ ’ਤੇ ਉਸ ਦੀ ਪਛਾਣ ਸੁਖਅੰਮ੍ਰਿਤ ਸਿੰਘ ਵਾਸੀ ਰੂੜੇਵਾਲ ਵਜੋਂ ਹੋਈ। ਮ੍ਰਿਤਕ ਨੌਜੁਆਨ ਦੀ ਲਾਸ਼ ਕੋਲ ਇਕ ਸਰਿੰਜ ਪਈ ਮਿਲੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਸ਼ੇ ਦਾ ਟੀਕਾ ਲਗਾਉਣ ਤੋਂ ਬਾਅਦ ਓਵਰਡੋਜ਼ ਨਾਲ ਉਸ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ: ਵਿਜੇ ਸਾਂਪਲਾ ਨੇ SC ਕਮਿਸ਼ਨ ਦੇ ਚੇਅਰਮੈਨ ਅਹੁਦੇ ਤੋਂ ਦਿਤਾ ਅਸਤੀਫ਼ਾ
ਇਸ ਦੇ ਨਾਲ ਹੀ ਮ੍ਰਿਤਕ ਦੇ ਮੂੰਹ ’ਚੋਂ ਝੱਗ ਅਤੇ ਨੱਕ ’ਚੋਂ ਖੂਨ ਵੀ ਵਹਿ ਰਿਹਾ ਸੀ। ਪੁਲਿਸ ਨੇ ਪੋਸਟਮਾਰਟਮ ਮਗਰੋਂ ਲਾਸ਼ ਪ੍ਰਵਾਰ ਹਵਾਲੇ ਕਰ ਦਿਤੀ। ਡੀ.ਐਸ.ਪੀ. ਮਨਦੀਪ ਕੌਰ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਹੀ ਸਾਹਮਣੇ ਆ ਰਿਹਾ ਹੈ।
ਇਹ ਵੀ ਪੜ੍ਹੋ: ਪੁੰਛ ਸੈਕਟਰ 'ਚ ਸ਼ਹੀਦ ਹੋਇਆ ਪੰਜਾਬ ਦਾ ਪੁੱਤ ਵਰਿੰਦਰ ਸਿੰਘ
ਉਧਰ ਆਸਪਾਸ ਦੇ ਲੋਕਾਂ ਨੇ ਦਸਿਆ ਕਿ ਇਸ ਕਲੋਨੀ ਵਿਚ ਰੋਜ਼ਾਨਾ ਨੌਜੁਆਨ ਆ ਕੇ ਸ਼ਰੇਆਮ ਚਿਟਾ ਪੀਂਦੇ ਹਨ। ਕਲੋਨੀ ਦੇ ਪਿਛੇ ਸੁੰਨਸਾਨ ਜਗ੍ਹਾ ਹੋਣ ਕਾਰਨ ਇਸ ਨੂੰ ਨਸ਼ੇ ਦਾ ਅੱਡਾ ਬਣਾ ਦਿਤਾ ਗਿਆ ਹੈ। ਇਥੇ ਹਰ ਰੋਜ਼ 10 ਤੋਂ 20 ਨੌਜੁਆਨ ਨਸ਼ਾ ਕਰਨ ਲਈ ਆਉਂਦੇ ਹਨ। ਪੁਲਿਸ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ। ਇਸ ਇਲਾਕੇ ਵਿਚ ਕਦੇ ਵੀ ਪੁਲਿਸ ਦੀ ਗਸ਼ਤ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਸਬਕ ਲੈਂਦਿਆਂ ਪੁਲਿਸ ਨੂੰ ਸਖ਼ਤ ਰੁਖ਼ ਅਪਨਾਉਣਾ ਚਾਹੀਦਾ ਹੈ।