
ਪਿਛਲੇ ਕਈ ਸਾਲਾਂ ਤੋਂ ਚਲਦੇ ਆ ਰਹੇ ਪਟਵਾਰੀ ਦੀ 20 ਰੁਪਏ ਸਰਕਾਰੀ ਫ਼ੀਸ ਦੇ ਮਾਮਲੇ ਨੇ ਜਿਥੇ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਦੀ ਨੀਂਦ ਹਰਾਮ ਕਰੀ ਰਖਿਆ ਹੋਈਆਂ............
ਫਿਰੋਜ਼ਪੁਰ : ਪਿਛਲੇ ਕਈ ਸਾਲਾਂ ਤੋਂ ਚਲਦੇ ਆ ਰਹੇ ਪਟਵਾਰੀ ਦੀ 20 ਰੁਪਏ ਸਰਕਾਰੀ ਫ਼ੀਸ ਦੇ ਮਾਮਲੇ ਨੇ ਜਿਥੇ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਦੀ ਨੀਂਦ ਹਰਾਮ ਕਰੀ ਰਖਿਆ ਹੋਈਆਂ ਹਨ, ਉਥੇ ਹੁਣ ਇਸ ਮਾਮਲੇ ਨੇ ਫ਼ਿਰੋਜ਼ਪੁਰ ਰੇਂਜ ਦੇ ਆਈ.ਜੀ. ਗੁਰਿੰਦਰ ਸਿੰਘ ਢਿੱਲੋਂ ਨੂੰ ਵੀ ਉਲਝਾ ਕੇ ਰੱਖ ਦਿਤਾ ਹੈ। 20 ਰੁਪਏ ਪਟਵਾਰੀ ਦੀ ਸਰਕਾਰੀ ਫ਼ੀਸ ਦੇ ਮਾਮਲੇ ਵਿਚ ਅੱਜ ਆਈ.ਜੀ. ਗੁਰਿੰਦਰ ਸਿੰਘ ਢਿੱਲੋਂ ਦੀ ਰਿਹਾਇਸ਼ ਅਤੇ ਦਫ਼ਤਰ ਵਿਚ ਸੀ.ਬੀ.ਆਈ. ਟੀਮ ਵਲੋਂ ਰੇਡ ਕੀਤੀ ਗਈ ਅਤੇ ਮਾਮਲੇ ਸਬੰਧੀ ਆਈ.ਜੀ. ਤੋਂ ਜਾਣਕਾਰੀ ਹਾਸਲ ਕੀਤੀ ਗਈ।
ਇਸ ਮਾਮਲੇ ਵਿਚ ਪਹਿਲੋਂ ਫਸੇ ਸਾਬਕਾ ਐਸ.ਐਸ.ਪੀ. ਸ਼ਿਵ ਕੁਮਾਰ ਦੇ ਵਕੀਲ ਅਦੀਸ਼ ਕੁਮਾਰ ਵਲੋਂ ਲਾਏ ਦੋਸ਼ਾਂ ਅਨੁਸਾਰ ਇਸ ਕੇਸ ਵਿਚ 'ਮਿਡਲ ਮੈਨ' ਰਾਹੀਂ ਆਈ.ਜੀ. ਗੁਰਿੰਦਰ ਸਿੰਘ ਢਿੱਲੋਂ ਵਲੋਂ ਲੱਖਾਂ ਰੁਪਏ ਦੀ ਮੰਗ ਕੀਤੀ ਗਈ ਸੀ, ਜਿਸ ਵਿਚ 5 ਲੱਖ ਰੁਪਏ ਗੁਰਿੰਦਰ ਸਿੰਘ ਢਿੱਲੋਂ ਕੋਲ ਪਹੁੰਚ ਚੁੱਕੇ ਹਨ। ਅਦੀਸ਼ ਕੁਮਾਰ ਨੇ ਦੋਸ਼ ਲਾਏ ਹਨ ਕਿ ਆਈ.ਜੀ. ਨੂੰ ਪੈਸੇ ਦੇਣ ਦੇ ਸਾਰੇ ਦਸਤਾਵੇਜ਼ ਉਨ੍ਹਾਂ ਕੋਲ ਹਨ, ਜਿਸ ਤੋਂ ਬਾਅਦ ਹੀ ਸੀ.ਬੀ.ਆਈ. ਨੂੰ ਸ਼ਿਕਾਇਤ ਕੀਤੀ ਗਈ। ਇਸ ਦੇ ਆਧਾਰ 'ਤੇ ਸੀ.ਬੀ.ਆਈ. ਵਲੋਂ ਆਈ.ਜੀ. ਗੁਰਿੰਦਰ ਸਿੰਘ ਢਿੱਲੋਂ ਦੀ ਰਿਹਾਇਸ਼ ਤੋਂ ਇਲਾਵਾ ਦਫ਼ਤਰ ਵਿਚ ਅੱਜ ਰੇਡ ਕੀਤੀ ਗਈ ਹੈ।
ਦੂਜੇ ਪਾਸੇ ਫ਼ਿਰੋਜ਼ਪੁਰ ਰੇਂਜ਼ ਦੇ ਆਈ.ਜੀ. ਗੁਰਿੰਦਰ ਸਿੰਘ ਢਿੱਲੋਂ ਨੇ ਦਸਿਆ ਕਿ ਪਟਵਾਰੀ ਦੀ ਸਰਕਾਰੀ 20 ਰੁਪਏ ਫ਼ੀਸ ਦੇ ਮਾਮਲੇ ਦੀ ਜਾਂਚ ਸਬੰਧੀ ਇਕ ਟੀਮ ਗਠਤ ਕੀਤੀ ਹੋਈ ਹੈ, ਜਿਸ ਦੀ ਉਹ ਅਗਵਾਈ ਕਰ ਰਹੇ ਹਨ। ਇਸ ਕੇਸ ਵਿਚ ਉਸ ਵਲੋਂ ਸਾਬਕਾ ਐਸ.ਐਸ.ਪੀ. ਵਿਰੁਧ ਕਾਰਵਾਈ ਵਾਸਤੇ ਲਿਖਿਆ ਗਿਆ ਸੀ, ਜਿਸ ਕਾਰਨ ਉਸ 'ਤੇ ਦਬਾਅ ਪਾਉਣ ਲਈ ਝੂਠੀਆਂ ਸ਼ਿਕਾਇਤਾਂ ਸਾਬਕਾ ਐਸ.ਐਸ.ਪੀ. ਸ਼ਿਵ ਕੁਮਾਰ ਦੇ ਵਲੋਂ ਸੀ.ਬੀ.ਆਈ. ਨੂੰ ਕੀਤੀਆਂ ਗਈਆਂ ਹਨ, ਜਿਸ ਦੇ ਆਧਾਰ 'ਤੇ ਅੱਜ ਸੀ.ਬੀ.ਆਈ. ਵਲੋਂ ਉਸ ਕੋਲੋਂ ਪੁੱਛ-ਪੜਤਾਲ ਕੀਤੀ ਗਈ।
ਫ਼ਿਰੋਜ਼ਪੁਰ ਰੇਂਜ਼ ਦੇ ਆਈ.ਜੀ. ਗੁਰਿੰਦਰ ਸਿੰਘ ਢਿੱਲੋਂ ਨੇ ਦਸਿਆ ਕਿ ਇਹ ਮਾਮਲਾ ਵੈਸੇ ਸੀ.ਬੀ.ਆਈ. ਦੇ ਕੋਲ ਹੋਣ ਕਾਰਨ ਉਹ ਜ਼ਿਆਦਾ ਕੁੱਝ ਨਹੀਂ ਦੱਸ ਸਕਦੇ, ਪਰ ਏਨਾ ਜ਼ਰੂਰ ਹੈ ਕਿ ਜਿੰਨਾ ਮਰਜ਼ੀ ਸਾਬਕਾ ਐਸ.ਐਸ.ਪੀ. ਮੇਰੇ 'ਤੇ ਦਬਾਅ ਪਾ ਲੈਣ ਮੈਂ ਤਾਂ ਬਿਲਕੁਲ ਸੱਚ ਹੀ ਸਾਹਮਣੇ ਲਿਆਵਾਂਗਾ। ਆਈ.ਜੀ. ਢਿੱਲੋਂ ਨੇ ਕਿਹਾ ਕਿ ਜੋ ਦੋਸ਼ ਸਾਬਕਾ ਐਸ.ਐਸ.ਪੀ. ਸ਼ਿਵ ਕੁਮਾਰ ਵਲੋਂ ਉਸ 'ਤੇ ਲਗਾਏ ਗਏ ਹਨ, ਉਹ ਸਰਾਸਰ ਝੂਠੇ ਹਨ ਅਤੇ ਮਾਮਲੇ ਨੂੰ ਭੜਕਾਉਣ ਵਾਸਤੇ ਸਾਬਕਾ ਐਸ.ਐਸ.ਪੀ. ਵਲੋਂ ਝੂਠੀਆਂ ਸ਼ਿਕਾਇਤਾਂ ਕਰ ਕੇ ਇਲਜ਼ਾਮ ਲਾਏ ਜਾ ਰਹੇ ਹਨ।