ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਰਿਸ਼ਵਤ ਦੇ ਇਕ ਮਾਮਲੇ ਵਿਚ ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਪੀ.ਐਸ ਸੰਧੂ ਨੂੰ ਦੋਸ਼ੀ ਕਰਾਰ ਦਿਤਾ ਹੈ................
ਚੰਡੀਗੜ੍ਹ : ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਰਿਸ਼ਵਤ ਦੇ ਇਕ ਮਾਮਲੇ ਵਿਚ ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਪੀ.ਐਸ ਸੰਧੂ ਨੂੰ ਦੋਸ਼ੀ ਕਰਾਰ ਦਿਤਾ ਹੈ। ਪੀ.ਐਸ ਸੰਧੂ ਤੇ ਖਰੜ ਦੇ ਰਹਿਣ ਵਾਲੇ ਇਕ ਨਿਸ਼ਾਂਤ ਸ਼ਰਮਾ ਨਾਮ ਦੇ ਵਿਅਕਤੀ ਤੋਂ 50 ਹਜ਼ਾਰ ਰੁਪਏ ਰਿਸ਼ਵਤ ਲੈਣ ਦਾ ਦੋਸ਼ ਹੈ। ਅਦਾਲਤ 3 ਅਗੱਸਤ ਨੂੰ ਦੋਸ਼ੀ ਦੀ ਸਜ਼ਾ ਤੇ ਫੈਸਲਾ ਸੁਣਾਏਗੀ। ਬੀਤੇ ਵੀਰਵਾਰ ਅਦਾਲਤ ਵਿਚ ਮੁਕਦਮੇ ਦੀ ਆਖ਼ਰੀ ਬਹਿਸ ਹੋਈ ਸੀ। ਮਾਮਲਾ ਕਰੀਬ ਸੱਤ ਸਾਲ ਪੁਰਾਣਾ ਹੈ। ਅਦਾਲਤ ਨੇ ਪੀ.ਐਸ ਸੰਧੂ ਨੂੰ ਆਈ.ਪੀ.ਐਸ. ਐਕਟ 1988 ਦੇ ਸੈਕਸ਼ਨ 7, 13 (2) ਦੇ ਨਾਲ 13 (1) ਡੀ ਤਹਿਤ ਦੋਸ਼ੀ ਕਰਾਰ ਦਿਤਾ ਹੈ।
12 ਜੁਲਾਈ 2011 ਨੂੰ ਦਰਜ ਮਾਮਲੇ ਮੁਤਾਬਕ ਸੀਬੀਆਈ ਨੇ ਪੀ.ਐਸ ਸੰਧੂ ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇ ਪੀਐਸ ਸੰਧੂ ਏਆਈਜੀ ਅੰਦਰੂਨੀ ਵੀਜੀਲੈਂਸ ਸੈੱਲ ਪੰਜਾਬ ਪੁਲਿਸ ਹੈਡਕੁਆਟਰ ਵਿਚ ਤਾਇਨਾਤ ਸਨ। ਸੀਬੀਆਈ ਦੀ ਟੀਮ ਨੇ ਸੰਧੂ ਨੂੰ ਨਿਸ਼ਾਂਤ ਸ਼ਰਮਾ ਤੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਸੈਕਟਰ 28 ਤੋਂ ਗ੍ਰਿਫ਼ਤਾਰ ਕੀਤਾ ਸੀ। ਸ਼ਿਕਾਇਤਕਰਤਾ ਮੁਤਾਬਕ ਏਆਈਜੀ ਪੀ.ਐਸ. ਸੰਧੂ ਨੇ ਨਿਸ਼ਾਂਤ ਦੇ ਵਿਰੁਧ ਐਸ.ਪੀ. (ਆਈ.ਵੀ.ਸੀ.) ਪੰਜਾਬ ਪੁਲਿਸ ਦੀ ਚੱਲ ਰਹੀ ਜਾਂਚ ਵਿਚ ਮਦਦ ਕਰਨ ਲਈ ਤਿੰਨ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।
ਨਿਸ਼ਾਂਤ ਨੇ ਸੀਬੀਆਈ ਨੂੰ ਦਸਿਆ ਸੀ ਕਿ ਉਸ ਵਿਰੁਧ ਪੰਜਾਬ ਪੁਲਿਸ ਨੇ ਕੁੱਝ ਅਪਰਾਧਕ ਮਾਮਲੇ ਦਰਜ ਕੀਤੇ ਹੋਏ ਸਨ ਜਿਨ੍ਹਾਂ ਵਿਚ ਫਿਲੌਰ ਅਤੇ ਕੁਰਾਲੀ ਵਿਚ ਦਰਜ ਮਾਮਲੇ ਸ਼ਾਮਲ ਸਨ। ਸ਼ਿਕਾਇਤ ਕਰਤਾ ਇਨ੍ਹਾ ਮਾਮਲਿਆਂ ਸਬੰਧੀ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਮਿਲਿਆ ਸੀ ਜਿਨ੍ਹਾਂ ਨੇ ਮਾਮਲਿਆਂ ਦੀ ਜਾਂਚ ਪੀ.ਐਸ ਸੰਧੂ ਨੂੰ ਸੌਂਪੀ ਸੀ। ਇਸ ਦੇ ਬਾਅਦ ਨਿਸ਼ਾਂਤ ਸ਼ਰਮਾ ਏਆਈਜੀ ਸੰਧੂ ਨੂੰ ਵੀ ਮਿਲਿਆ ਸੀ। ਸ਼ਿਕਾਇਤ ਕਰਤਾ ਨੇ ਦਸਿਆ ਕਿ ਸੰਧੂ ਨੇ ਉਸ ਨੂੰ ਕਿਹਾ ਸੀ ਕਿ ਉਸ ਦਾ ਕੰਮ ਕਰਵਾ ਦੇਵੇਗਾ ਅਤੇ ਇਸ ਦੇ ਬਦਲੇ ਵਿਚ ਏਆਈਜੀ ਨੇ ਰਿਸ਼ਵਤ ਦੀ ਮੰਗ ਕੀਤੀ।
ਕੁਝ ਦਿਨਾਂ ਬਾਅਦ ਸੰਧੂ ਦੁਬਾਰਾ ਸ਼ਿਕਾਇਤ ਕਰਤਾ ਨੂੰ ਮਿਲਿਆ ਅਤੇ ਉਸ ਤੋਂ ਤਿੰਨ ਲੱਖ ਰੁਪਏ ਮੰਗੇ। ਸ਼ਰਮਾ ਅਨੁਸਾਰ ਪੈਸੇ ਨਾ ਦੇਣ ਦੀ ਸੂਰਤ ਵਿਚ ਉਸ ਵਿਰੁਧ ਮਾਮਲਾ ਦਰਜ ਕਰਵਾਉਣ ਦੀ ਧਮਕੀ ਵੀ ਦਿਤੀ ਗਈ। ਇਸ ਤੋਂ ਬਾਅਦ ਸ਼ਰਮਾ ਨੇ ਸੰਧੂ ਨੂੰ ਇਕ ਲੱਖ ਰੁਪਏ ਦੇ ਦਿਤੇ ਸਨ ਅਤੇ ਬਾਕੀ ਦੀ ਰਕਮ ਦੇਣ ਲਈ ਤਰੀਕ ਤੈਅ ਕੀਤੀ ਗਈ। ਸ਼ਰਮਾ ਜਦੋਂ ਬਾਕੀ ਦੀ ਰਕਮ ਦੇਣ ਲਈ ਸੰਧੂ ਕੋਲੇ ਗਿਆ ਤਾਂ ਉਸ ਨੇ 50 ਹਜ਼ਾਰ ਰੁਪਏ ਸੰਧੂ ਨੂੰ ਜਿਵੇਂ ਹੀ ਫੜਾਏ, ਉਸੇ ਸਮੇਂ ਸੀਬੀਆਈ ਦੀ ਟੀਮ ਨੇ ਉਸ ਨੂੰ ਰਿਸ਼ਵਤ ਦੀ ਰਕਮ ਦੇ ਨਾਲ ਗ੍ਰਿਫ਼ਤਾਰ ਕਰ ਲਿਆ।