
ਆਸ਼ਾ ਵਰਕਰਾਂ ਤੇ ਫ਼ੈਸਲੀਟੇਟਰਾਂ ਦੀਆਂ ਅਹਿਮ ਮੰਗਾਂ ਪ੍ਰਵਾਨ
ਚੰਡੀਗੜ੍ਹ, 17 ਅਗੱਸਤ (ਗੁਰਉਪਦੇਸ਼ ਭੁੱਲਰ) : ਪੰਜਾਬ ਸਰਕਾਰ ਵਲੋਂ ਅੱਜ ਸੂਬੇ ਵਿਚ ਕੋਰੋਨਾ ਦੀ ਮਹਾਂਮਾਰੀ ਵਿਚ ਜਾਨ ਜੋਖਮ ਵਿਚ ਪਾ ਕੇ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਅਤੇ ਫ਼ੈਸਲੀਟੇਟਰ ਦੀਆਂ ਅਹਿਮ ਮੰਗਾਂ ਪ੍ਰਵਾਨ ਕਰ ਲਈਆਂ ਗਈਆਂ ਹਨ | ਸਰਕਾਰ ਵਲੋਂ ਮੀਟਿੰਗ ਵਿਚ ਸਿਹਤ ਤੇ ਪ੍ਰਵਾਰ ਭਲਾਈ ਵਿਭਾਗ ਦੇ ਮੰਤਰੀ ਬਲਬੀਰ ਸਿੱਧੂ ਤੇ ਸਬੰਧਤ ਅਧਿਕਾਰੀ ਸ਼ਾਮਲ ਹੋਏ ਜਦਕਿ ਯੂਨੀਅਨ ਦੇ ਵਫ਼ਦ ਦੀ ਅਗਵਾਈ ਪ੍ਰਧਾਨ ਸੁਖਵਿੰਦਰ ਕੌਰ ਤੇ ਜਨਰਲ ਸਕੱਤਰ ਲਖਵਿੰਦਰ ਕੌਰ ਨੇ ਕੀਤੀ ਜਦਕਿ ਯੂਨੀਅਨ ਦੇ ਦੂਜੇ ਗਰੁੱਪ ਦੀ ਅਗਵਾਈ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਕੀਤੀ | ਉਨ੍ਹਾਂ ਨਾਲ ਮੁਲਾਜ਼ਮਾਂ ਦੇ ਸੂਬਾਈ ਆਗੂ ਸਤੀਸ਼ ਰਾਣਾ ਵੀ ਮੌਜੂਦ ਰਹੇ | ਮੀਟਿੰਗ ਦੌਰਾਨ ਤਿੰਨ ਅਹਿਮ ਮੰਗਾਂ ਬਾਰੇ ਸਹਿਮਤੀ ਬਣੀ ਹੈ | ਇਨ੍ਹਾਂ ਵਿਚ ਆਸ਼ਾ ਵਰਕਰਾਂ ਤੇ ਫ਼ੈਸਲੀਟੇਟਰਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣ, ਪ੍ਰਸੂਤਾ ਛੁੱਟੀ ਦੀ ਸਹੂਲਤ ਅਤੇ ਕੋਰੋਨਾ ਭੱਤਾ ਬਿਨਾਂ ਰੁਕਾਵਟ ਦਿਤੇ ਜਾਣਾ ਸ਼ਾਮਲ ਹਨ | ਹਰਿਆਣਾ ਪੈਟਰਨ ਤੇ ਘੱਟੋ ਘੱਟ ਉਜਰਤਾਂ ਦੇ ਘੇਰੇ ਵਿਚ ਲੈ ਕੇ ਆਉਣ ਬਾਰੇ ਵੀ ਵਿਚਾਰ ਦਾ ਸਿੱਧੂ ਨੇ ਭਰੋਸਾ ਦਿਤਾ ਹੈ | ਇਸ ਬਾਅਦ ਯੂਨੀਅਨ ਨੇ 24 ਅਗੱਸਤ ਨੂੰ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਘਿਰਾਉ ਵਲ ਮਾਰਚ ਦਾ ਪ੍ਰੋਗਰਾਮ ਮੁਲਤਵੀ ਕਰ ਦਿਤਾ ਹੈ |