
ਸ੍ਰੀਨਗਰ 'ਚ ਮੁਹੱਰਮ ਦਾ ਜਲੂਸ ਕਵਰ ਕਰ ਰਹੇ ਪੱਤਰਕਾਰਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ
ਪੁਲਿਸ ਮੁਲਾਜ਼ਮਾਂ ਨੇ ਕੁੱਝ ਪੱਤਰਕਾਰਾਂ ਦੇ ਕੈਮਰਿਆਂ ਨੂੰ ਵੀ ਨੁਕਸਾਨ ਪਹੁੰਚਾਇਆ
ਸ਼੍ਰੀਨਗਰ, 17 ਅਗੱਸਤ : ਜੰਮੂ ਕਸ਼ਮੀਰ ਪੁਲਸ ਨੇ ਇਥੇ ਮੁਹੱਰਮ ਜੁਲੂਸ ਕਵਰ ਕਰ ਰਹੇ ਪੱਤਰਕਾਰਾਂ ਦੇ ਇਕ ਸਮੂਹ 'ਤੇ ਮੰਗਲਵਾਰ ਨੂੰ ਲਾਠੀਚਾਰਜ ਕੀਤਾ | ਪੁਲਿਸ ਨੇ ਸ਼ਹਿਰ ਦੇ ਜਹਾਂਗੀਰ ਚੌਕ 'ਤੇ ਮੁਹੱਰਮ ਦੇ 10 ਦਿਨਾਂ ਦੀ ਸੋਗ ਦੀ ਮਿਆਦ ਦੇ 8ਵੇਂ ਦਿਨ ਜਲੂਸ ਕੱਢਣ ਦੀ ਕੋਸ਼ਿਸ਼ ਕਰ ਰਹੇ ਸ਼ੀਆ ਮੁਸਲਮਾਨਾਂ ਨੂੰ ਹਿਰਾਸਤ 'ਚ ਵੀ ਲਿਆ | ਪੱਤਰਕਾਰਾਂ ਨੇ ਦਸਿਆ ਕਿ ਮੀਡੀਆ ਕਰਮੀ ਅਪਣਾ ਪੇਸ਼ੇਵਰ ਕਰਤੱਵ ਨਿਭਾ ਰਹੇ ਸਨ, ਉਦੋਂ ਪੁਲਿਸ ਨੇ ਉਨ੍ਹਾਂ 'ਤੇ ਲਾਠੀਚਾਰਜ ਕਰ ਦਿਤਾ | ਇਨ੍ਹਾਂ ਮੀਡੀਆ ਕਰਮੀਆਂ 'ਚ ਜ਼ਿਆਦਾਤਰ ਫ਼ੋਟੋ ਅਤੇ ਵੀਡੀਉ ਪੱਤਰਕਾਰ ਸਨ |
ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੇ ਕੁੱਝ ਪੱਤਰਕਾਰਾਂ ਨੂੰ ਡੰਡਿਆਂ ਨਾਲ ਕੁੱਟਿਆ ਅਤੇ ਉਨ੍ਹਾਂ ਦੇ ਕੈਮਰਿਆਂ ਨੂੰ ਨੁਕਸਾਨ ਪਹੁੰਚਾਇਆ | ਇਸ ਘਟਨਾ ਦੇ ਵੀਡੀਉ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ 'ਤੇ ਅਪਲੋਡ ਕੀਤੇ ਗਏ ਹਨ | ਇਕ ਸੀਨੀਅਰ ਪੁਲਿਸ ਅਧਿਕਾਰੀ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚਿਆ ਅਤੇ ਪੱਤਰਕਾਰਾਂ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ |
ਇਸ ਵਿਚਾਲੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਟਵੀਟ ਕੀਤਾ,''ਮੀਡੀਆ ਅਫ਼ਗ਼ਾਨਿਸਤਾਨ 'ਚ ਪੈਦਾ ਹੋ ਰਹੇ ਸੰਕਟ ਅਤੇ ਮਨੁੱਖੀ ਤ੍ਰਾਸਦੀ 'ਤੇ ਘੰਟਿਆਂ ਤਕ ਬਹਿਸ ਕਰ ਰਿਹਾ ਹੈ ਪਰ ਕੀ ਉਹ ਕਸ਼ਮੀਰ 'ਚ ਅਪਣੇ ਹੀ ਭਾਈਚਾਰੇ ਦੇ ਉਨ੍ਹਾਂ ਮੈਂਬਰਾਂ ਲਈ ਆਵਾਜ਼ ਚੁੱਕੇਗਾ, ਜਿਨ੍ਹਾਂ ਨੂੰ ਸੁਰੱਖਿਆ ਬਲਾਂ ਨੇ ਅਪਣਾ ਕੰਮ ਕਰਨ 'ਤੇ ਅੱਜ ਬੁਰੀ ਤਰ੍ਹਾਂ ਕੁੱਟਿਆ?'' (ਏਜੰਸੀ)