
ਮੁਲਜ਼ਮ ਬੰਗਾਲ ਭੱਜਣ ਦੀ ਫਿਰਾਕ ਵਿਚ ਸਨ
ਲੁਧਿਆਣਾ: ਜਨਰੇਟਰ ਬੰਦ ਕਰਨ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਦੌਰਾਨ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਪਿੰਡ ਵਲੀਪੁਰ ਵਿਖੇ ਨਵੇਂ ਬਣ ਰਹੇ ਜੰਮੂ-ਕਟੜਾ ਨੈਸ਼ਨਲ ਹਾਈਵੇਅ ਨੇੜੇ ਦੋ ਧਿਰਾਂ ’ਚ ਜਨਰੇਟਰ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਇਕ ਧਿਰ ਦੇ 5 ਵਿਅਕਤੀਆਂ ਨੇ ਦੂਜੀ ਧਿਰ ਦੇ ਮਜ਼ਦੂਰ ਉਤੇ ਸਰੀਏ ਨਾਲ ਹਮਲਾ ਕੀਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਹੇਸ਼ ਮਹਿਤੋਂ ਵਾਸੀ ਬਿਹਾਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਲੁਧਿਆਣਾ ਜੇਲ ਵਿਚ ASI ਹੀ ਕਰ ਰਿਹਾ ਸੀ ਨਸ਼ਾ ਸਪਲਾਈ; ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਸਣੇ ਕਾਬੂ
ਥਾਣਾ ਦਾਖਾ ਦੀ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ, ਦਸਿਆ ਜਾ ਰਿਹਾ ਹੈ ਕਿ ਮੁਲਜ਼ਮ ਬੰਗਾਲ ਭੱਜਣ ਦੀ ਫਿਰਾਕ ਵਿਚ ਸਨ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਅਮਨਦੀਪ ਸਿੰਘ ਨੇ ਦਸਿਆ ਕਿ ਵਲੀਪੁਰ ਕਲਾਂ ਕੋਲ ਬਣ ਰਹੇ ਜੰਮੂ-ਕਟੜਾ ਐਕਸਪ੍ਰੈੱਸ ਵੇਅ ’ਤੇ ਦੋ ਮਜ਼ਦੂਰ ਧਿਰਾਂ ਵਿਚ 13 ਅਗਸਤ ਦੀ ਰਾਤ ਨੂੰ ਜਨਰੇਟਰ ਕਾਰਨ ਝਗੜਾ ਹੋ ਗਿਆ, ਜਿਸ ਵਿਚ ਬੰਗਾਲ ਦੇ ਰਹਿਣ ਵਾਲੇ ਮੁਬਾਰਕ ਹੁਸੈਨ ਪੁੱਤਰ ਮੰਜੂ ਅਲੀ, ਮਹਿਬੂਬ ਹੱਕ ਪੁੱਤਰ ਅਨਵਰ ਅਲੀ, ਅਨਵਰ ਅਲੀ ਪੁੱਤਰ ਅਬਦੁਲ ਰਸੀਲ, ਮੋਹੇਦੂਰ ਪੁੱਤਰ ਨਾਇਸੂਦੀਨ ਅਤੇ ਅਨਵਰ ਹੁਸੈਨ ਪੁੱਤਰ ਮੋਟੋ ਸ਼ੇਖ ਵਾਸੀਆਨ ਪੱਛਮੀ ਬੰਗਾਲ ਨੇ ਦੂਜੀ ਧਿਰ ਦੇ ਮਜ਼ਦੂਰ ਮੁਹੇਸ਼ ਮਹਿਤੋਂ ਪੁੱਤਰ ਰਾਮ ਜੀ ਮਹਿਤੋਂ (35) ਵਾਸੀ ਬਿਹਾਰ ਨੂੰ ਸਰੀਏ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿਤਾ ਸੀ, ਜਿਸ ਨੇ ਲੁਧਿਆਣਾ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜ ਦਿਤਾ।
ਇਹ ਵੀ ਪੜ੍ਹੋ: ਪਹਿਲਾਂ ਹਿੰਦੂ ਹੀ ਸਨ ਮੁਸਲਮਾਨ, ਹਿੰਦੂ ਧਰਮ ਇਸਲਾਮ ਨਾਲੋਂ ਵੀ ਪੁਰਾਣਾ : ਗ਼ੁਲਾਮ ਨਬੀ ਆਜ਼ਾਦ
ਪੁਲਿਸ ਨੇ ਮੁਲਜ਼ਮ ਮੁਬਾਰਕ ਹੁਸੈਨ, ਮਹਿਬੂਬ ਹੱਕ, ਅਨਵਰ ਅਲੀ, ਮੋਹੇਦਰੂ ਅਤੇ ਅਨਵਰ ਹੁਸੈਨ ਵਿਰੁਧ ਭੁਪਿੰਦਰ ਪਾਲ ਸਿੰਘ ਚਾਵਲਾ ਪੁੱਤਰ ਰਣਜੀਤ ਸਿੰਘ ਚਾਵਲਾ ਵਾਸੀ ਵਲੀਪੁਰ ਕਲਾਂ ਵਲੋਂ ਦਰਜ ਕਰਵਾਏ ਗਏ ਬਿਆਨਾਂ ਦੇ ਆਧਾਰ ’ਤੇ ਧਾਰਾ 302, 148, 149 ਆਈ. ਪੀ. ਸੀ. ਅਧੀਨ ਕੇਸ ਦਰਜ ਕੀਤਾ ਸੀ। ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋ ਵਾਰਦਾਤ ਵਿਚ ਵਰਤੇ ਗਏ ਦੋ ਸਰੀਏ ਵੀ ਬਰਾਮਦ ਕੀਤੇ ਹਨ। ਡੀ. ਐਸ. ਪੀ. ਅਮਨਦੀਪ ਸਿੰਘ ਨੇ ਦਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਵਿਨੋਦ ਕੁਮਾਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਜੱਜ ਨੇ 3 ਦਿਨ ਦਾ ਪੁਲਿਸ ਰਿਮਾਂਡ ਦਿਤਾ ਹੈ।