
ਇਸ ਸਬੰਧੀ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਦੁਕਾਨਦਾਰਾਂ ਨੂੰ ਪਤਾ ਲੱਗਾ ਕਿ ਸਿਹਤ ਵਿਭਾਗ ਸੈਂਪਲ ਭਰਨ ਆਇਆ ਹੈ ਤਾਂ ਦੁਕਾਨਦਾਰ ਦੁਕਾਨਾਂ ਦੇ ਸ਼ਟਰ ਸੁੱਟ ਕੇ ਦੌੜ ਗਏ।
ਮੁੱਲਾਂਪੁਰ ਦਾਖਾ : ਸਿਹਤ ਵਿਭਾਗ ਦੇ ਕੁੱਝ ਅਧਿਕਾਰੀਆਂ ਨੂੰ ਅਪਣਾ ਕੰਮ ਕਰਨ ਤੋਂ ਪਹਿਲਾਂ ਹੀ ਰਸਤੇ 'ਚੋਂ ਮੁੜਨਾ ਪਿਆ। ਦਰਅਸਲ ਖਾਣ-ਪੀਣ ਵਾਲੀਆਂ ਵਸਤਾਂ ਦੀ ਵਿਸ਼ੇਸ਼ ਚੈਕਿੰਗ ਅਤੇ ਸੈਂਪਲ ਭਰਨ ਲਈ ਆਇਆ ਸਿਹਤ ਵਿਭਾਗ ਸਿਰਫ਼ 2 ਹੀ ਸੈਂਪਲ ਲੈ ਸਕਿਆ। ਇਸ ਸੈਂਪਲ ਉਹਨਾਂ ਨੇ ਸਥਾਨਕ ਦਾਣਾ ਮੰਡੀ 'ਚ ਕਰਿਆਨੇ ਦੀ ਦੁਕਾਨ 'ਤੇ ਬੰਗਲੌਰ ਤੋਂ ਬਣ ਕੇ ਆਏ ਗੁੜ ਦਾ ਭਰਿਆ ਅਤੇ ਉਸ ਤੋਂ ਬਾਅਦ ਬਾਅਦ ਫਾਜ਼ਿਲਕਾ ਜਾ ਰਿਹਾ ਸਪਰੇਟਾ ਦੁੱਧ ਦਾ ਟੈਂਕਰ ਰੋਕ ਕੇ ਉਸ ਦਾ ਸੈਂਪਲ ਭਰਿਆ ਅਤੇ ਫਿਰ ਚੱਲਦਾ ਬਣਿਆ। ਜਦੋਂ ਇਸ ਸਬੰਧੀ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਦੁਕਾਨਦਾਰਾਂ ਨੂੰ ਪਤਾ ਲੱਗਾ ਕਿ ਸਿਹਤ ਵਿਭਾਗ ਸੈਂਪਲ ਭਰਨ ਆਇਆ ਹੈ ਤਾਂ ਦੁਕਾਨਦਾਰ ਦੁਕਾਨਾਂ ਦੇ ਸ਼ਟਰ ਸੁੱਟ ਕੇ ਦੌੜ ਗਏ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਹੈਲਥ ਅਫ਼ਸਰ ਗੁਰਪ੍ਰੀਤ ਸਿੰਘ, ਇੰਸਪੈਕਟਰ ਯੋਗੇਸ਼ ਆਦਿ ਟੀਮ ਨਾਲ ਮੁੱਲਾਂਪੁਰ ਸ਼ਹਿਰ ਵਿਚ ਆਏ ਤਾਂ ਇਸ ਦੀ ਖ਼ਬਰ ਦੁਕਾਨਦਾਰਾਂ 'ਚ ਅੱਗ ਵਾਂਗ ਫੈਲ ਗਈ ਅਤੇ ਉਹ ਦੁਕਾਨਾਂ ਦੇ ਸ਼ਟਰ ਸੁੱਟ ਕੇ ਤੇ ਕਈ ਕਾਊਂਟਰ ਪਰਦਿਆਂ ਨਾਲ ਢੱਕ ਕੇ ਦੁਕਾਨਾਂ ਉਸੇ ਤਰ੍ਹਾਂ ਛੱਡ ਕੇ ਦੌੜ ਗਏ। ਟੀਮ ਨੇ ਦਾਣਾ ਮੰਡੀ ਮੁੱਲਾਂਪੁਰ ਵਿਖੇ ਕਰਿਆਨੇ ਦੀ ਦੁਕਾਨ 'ਤੇ ਗੁੜ ਦਾ ਸੈਂਪਲ ਲਿਆ ਤਾਂ ਦੁਕਾਨਦਾਰ ਨੇ ਬੰਗਲੌਰ ਤੋਂ ਆਏ ਗੁੜ ਦਾ ਬਿੱਲ ਹੈਲਥ ਵਿਭਾਗ ਦੇ ਹੱਥ ਫੜਾ ਦਿੱਤਾ। ਇਸ ਤਂ ਬਾਅਦ ਉਹਨਾਂ ਨੇ ਦੁੱਧ ਦੇ ਟੈਂਕਰ ਤੋਂ ਦੁੱਧ ਦਾ ਸੈਂਪਲ ਲਿਆ ਤੇ ਫਿਰ ਚੱਲਦੇ ਬਣੇ ਤੇ ਜਦੋਂ ਅਧਿਕਾਰੀ ਚਲੇ ਗਏ ਤਾਂ ਜਾ ਕੇ ਦੁਕਾਨ ਮਾਲਕਾਂ ਦੇ ਸਾਹ ਵਿਚ ਸਾਹ ਆਇਆ ਤੇ ਉਹਨਾਂ ਨੇ ਦੁਕਾਨਾਂ ਖੋਲ੍ਹੀਆਂ।