
ਸੰਚਾਰ ਯੰਤਰਾਂ ਦੀ ਅੰਦਾਜ਼ਨ ਕੀਮਤ 38 ਕਰੋੜ 60 ਲੱਖ ਰੁਪਏ ਦੇ ਕਰੀਬ ਦੱਸੀ
ਫ਼ਿਰੋਜਪੁਰ- ਫੌਜ ਦੇ ਉੱਚ ਸੁਰੱਖਿਆ ਖੇਤਰ ਵਿੱਚ ਐਤਵਾਰ ਰਾਤ ਨੂੰ ਦੋ ਸੰਚਾਰ ਉਪਕਰਨ ਚੋਰੀ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਸੈਵਨ ਇਨਫੈਂਟਰੀ ਡਿਵੀਜ਼ਨ ਦੇ ਮੇਜਰ ਸੰਦੀਪ ਕੁਮਾਰ ਯਾਦਵ ਦੀ ਸ਼ਿਕਾਇਤ ’ਤੇ ਪੁਲਿਸ ਨੇ ਫਿਰੋਜ਼ਪੁਰ ਛਾਉਣੀ ਦੇ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਚੋਰੀ ਹੋਏ ਦੋਵਾਂ ਸੰਚਾਰ ਯੰਤਰਾਂ ਦੀ ਅੰਦਾਜ਼ਨ ਕੀਮਤ 38 ਕਰੋੜ 60 ਲੱਖ ਰੁਪਏ ਦੇ ਕਰੀਬ ਦੱਸੀ ਗਈ ਹੈ।
ਥਾਣਾ ਸਦਰ ਦੇ ਏਐਸਆਈ ਹਰਬੰਸ ਸਿੰਘ ਨੇ ਦੱਸਿਆ ਕਿ ਮੇਜਰ ਸੰਦੀਪ ਕੁਮਾਰ ਯਾਦਵ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ 15-16 ਜਨਵਰੀ 2023 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ 408 ਗੰਨ ਮਿਸਲ ਰੈਜੀਮੈਂਟ ਬਿਲਡਿੰਗ ਨੰਬਰ-2 ਵਿੱਚੋਂ ਦੋ ਸੰਚਾਰ ਉਪਕਰਨ ਚੋਰੀ ਕਰ ਲਏ। ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।