
Ludhiana News: ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਮਹਿਲਾ ਆਪਣੀ ਡਿਊਟੀ 'ਤੇ ਨਹੀਂ ਆਈ ਅਤੇ ਉਸ ਦੇ ਸੀਨੀਅਰ ਅਧਿਕਾਰੀ ਉਸ ਨੂੰ ਦੇਖਣ ਲਈ ਉਸ ਦੇ ਕਮਰੇ 'ਚ ਗਏ।
ਲੁਧਿਆਣਾ ਦੇ ਲਾਡੋਵਾਲ ਸਥਿਤ NDRF ਹੈੱਡ ਕੁਆਰਟਰ 'ਚ ਇਕ ਮਹਿਲਾ ਕਾਂਸਟੇਬਲ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮਾਮਲਾ ਸ਼ੱਕੀ ਹੋਣ ਕਾਰਨ ਥਾਣਾ ਲਾਡੋਵਾਲ ਦੀ ਪੁਲਿਸ ਜਾਂਚ ਕਰ ਰਹੀ ਹੈ। ਮਹਿਲਾ ਕਾਂਸਟੇਬਲ ਨੇ ਪੱਖੇ ਨਾਲ ਦੁਪੱਟੇ ਬੰਨ੍ਹ ਕੇ ਫਾਹਾ ਲੈ ਲਿਆ। ਮ੍ਰਿਤਕ ਮੁਲਾਜ਼ਮ ਦਾ ਨਾਂ ਸਿਮਰਨਜੀਤ ਕੌਰ (25) ਹੈ।
ਜਾਣਕਾਰੀ ਮੁਤਾਬਕ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਮਹਿਲਾ ਆਪਣੀ ਡਿਊਟੀ 'ਤੇ ਨਹੀਂ ਆਈ ਅਤੇ ਉਸ ਦੇ ਸੀਨੀਅਰ ਅਧਿਕਾਰੀ ਉਸ ਨੂੰ ਦੇਖਣ ਲਈ ਉਸ ਦੇ ਕਮਰੇ 'ਚ ਗਏ। ਕਾਫ਼ੀ ਦੇਰ ਤੱਕ ਦਰਵਾਜ਼ਾ ਖੜਕਾਉਣ ਤੋਂ ਬਾਅਦ ਵੀ ਦਰਵਾਜ਼ਾ ਨਹੀਂ ਖੁੱਲ੍ਹਿਆ।
ਜਿਸ ਤੋਂ ਬਾਅਦ ਅਧਿਕਾਰੀ ਧੱਕਾ ਮਾਰ ਕੇ ਦਰਵਾਜ਼ਾ ਤੋੜ ਕੇ ਅੰਦਰ ਵੜੇ। ਅਧਿਕਾਰੀਆਂ ਨੇ ਦੇਖਿਆ ਕਿ ਮਹਿਲਾ ਕਾਂਸਟੇਬਲ ਆਪਣੇ ਦੁਪੱਟੇ ਦੀ ਮਦਦ ਨਾਲ ਪੱਖੇ ਨਾਲ ਲਟਕ ਰਹੀ ਸੀ। ਉਨ੍ਹਾਂ ਨੇ ਤੁਰੰਤ ਥਾਣਾ ਲਾਡੋਵਾਲ ਦੀ ਪੁਲਿਸ ਨੂੰ ਸੂਚਿਤ ਕੀਤਾ।
ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਅੱਜ ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਉਸ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।