
ਪੋਲਿੰਗ ਕੇਂਦਰਾਂ ਨੂੰ ਗੁਲਾਬੀ ਰੰਗ ਨਾਲ ਸਜਾਇਆ ਜਾਵੇਗਾ
ਮੋਹਾਲੀ : ਲੋਕ ਸਭਾ ਚੋਣਾਂ ਦੇ ਐਲਾਨ ਮਗਰੋਂ ਸੂਬੇ 'ਚ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਐਤਕੀਂ ਮੋਹਾਲੀ ਜ਼ਿਲ੍ਹੇ ਦੇ 25 ਪੋਲਿੰਗ ਸਟੇਸ਼ਨਾਂ ਦੀ ਜ਼ਿੰਮੇਵਾਰੀ ਔਰਤਾਂ ਦੇ ਹੱਥਾਂ 'ਚ ਦਿੱਤੀ ਗਈ ਹੈ। ਇਨ੍ਹਾਂ ਪੋਲਿੰਗ ਕੇਂਦਰਾਂ ਨੂੰ ਗੁਲਾਬੀ ਰੰਗ ਨਾਲ ਸਜਾਇਆ ਜਾਵੇਗਾ।
ਮੋਹਾਲੀ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਔਰਤਾਂ ਨੂੰ ਸਮਾਜ 'ਚ ਬਰਾਬਰੀ ਦਾ ਹੱਕ ਦਿਵਾਉਣ ਲਈ ਸਰਕਾਰ ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਗੁਲਾਬੀ ਪੋਲਿੰਗ ਬੂਥ ਪਹਿਲੀ ਵਾਰ ਪੰਜਾਬ 'ਚ ਬਣਾਏ ਜਾ ਰਹੇ ਹਨ। ਇਨ੍ਹਾਂ ਪੋਲਿੰਗ ਬੂਥਾਂ 'ਤੇ ਸਾਰਾ ਕੰਮਕਾਜ ਔਰਤਾਂ ਹੀ ਸੰਭਾਲਣਗੀਆਂ। ਇਨ੍ਹਾਂ ਪੋਲਿੰਗ ਕੇਂਦਰਾਂ ਦੇ ਬਾਹਰ ਮਹਿਲਾ ਮੁਲਾਜ਼ਮਾਂ ਨੂੰ ਹੀ ਤਾਇਨਾਤ ਕੀਤਾ ਜਾਵੇਗਾ।
Pink voting station-1
ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ 'ਚ ਜਿੱਥੇ ਔਰਤਾਂ ਦੀ ਭਾਗੀਦਾਰੀ ਅਹਿਮ ਹੋਵੇਗੀ, ਉੱਥੇ ਹੀ ਪੋਲਿੰਗ ਬੂਥਾਂ 'ਤੇ ਔਰਤਾਂ ਦੀ ਕਮਾਨ ਹੋਵੇਗੀ। ਇਸ ਨਾਲ ਮਹਿਲਾ ਸ਼ਸ਼ਕਤੀਕਰਨ ਨੂੰ ਹੁੰਗਾਰਾ ਮਿਲੇਗਾ ਅਤੇ ਔਰਤਾਂ ਦੀ ਵੋਟ ਫ਼ੀਸਦ ਵਧੇਗੀ। ਬੂਥਾਂ 'ਤੇ ਤਾਇਨਾਤ ਸਾਰੀਆਂ ਮਹਿਲਾ ਮੁਲਾਜ਼ਮਾਂ ਨੂੰ ਸੰਚਾਲਨ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ।
ਮੋਹਾਲੀ ਤੋਂ ਇਲਾਵਾ ਚੰਡੀਗੜ੍ਹ ਵਿਖੇ ਵੀ ਅਜਿਹੇ 3 ਗੁਲਾਬੀ ਪੋਲਿੰਗ ਬੂਥ ਸਥਾਪਤ ਕੀਤੇ ਜਾਣਗੇ।