
BSF-ਪੰਜਾਬ ਪੁਲਿਸ ਨੇ ਸਾਂਝੀ ਕਾਰਵਾਈ ਦੌਰਾਨ ਇਕ ਤਸਕਰ ਕੀਤਾ ਕਾਬੂ
Punjab News: ਫਾਜ਼ਿਲਕਾ ਵਿਚ ਬੀਐਸਐਫ ਦੇ ਇੰਟੈਲੀਜੈਂਸ ਵਿੰਗ ਨੇ ਸਰਹੱਦੀ ਖੇਤਰ ਵਿਚ ਕੀਤੀ ਜਾ ਰਹੀ ਨਾਜਾਇਜ਼ ਅਫੀਮ ਦੀ ਖੇਤੀ ਫੜੀ ਹੈ। ਇਸ ਆਪਰੇਸ਼ਨ ਵਿਚ ਬੀਐਸਐਫ ਦੇ ਨਾਲ-ਨਾਲ ਪੰਜਾਬ ਪੁਲਿਸ ਦੀਆਂ ਟੀਮਾਂ ਵੀ ਸ਼ਾਮਲ ਸਨ। ਮੁੱਢਲੀ ਜਾਂਚ ਵਿਚ ਪੁਲਿਸ ਨੇ ਫਿਲਹਾਲ ਕਰੀਬ 14.47 ਕਿਲੋ ਅਫੀਮ ਦੇ ਪੌਦੇ ਬਰਾਮਦ ਕੀਤੇ ਹਨ। ਪੁਲਿਸ ਨੇ ਇਸ ਸਬੰਧੀ ਐਫ.ਆਈ.ਆਰ. ਦਰਜ ਕਰ ਲਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਦੇ ਇੰਟੈਲੀਜੈਂਸ ਵਿੰਗ ਨੂੰ ਸੋਮਵਾਰ ਨੂੰ ਸੂਚਨਾ ਮਿਲੀ ਸੀ ਕਿ ਫਾਜ਼ਿਲਕਾ ਦੇ ਸਰਹੱਦੀ ਖੇਤਰ ਵਿਚ ਵੱਡੇ ਪੱਧਰ ’ਤੇ ਅਫੀਮ ਦੀ ਖੇਤੀ ਕੀਤੀ ਜਾ ਰਹੀ ਹੈ, ਜਿਸ 'ਤੇ ਸੂਬੇ 'ਚ ਪੂਰੀ ਤਰ੍ਹਾਂ ਪਾਬੰਦੀ ਹੈ। ਸੂਚਨਾ ਦੇ ਆਧਾਰ 'ਤੇ ਬੀਐਸਐਫ ਅਤੇ ਪੰਜਾਬ ਪੁਲਿਸ ਵਲੋਂ ਸਰਹੱਦੀ ਖੇਤਰ ਦੀ ਜਾਂਚ ਲਈ ਸਾਂਝਾ ਸਰਚ ਅਭਿਆਨ ਚਲਾਇਆ ਗਿਆ।
ਤਲਾਸ਼ੀ ਦੌਰਾਨ ਪਿੰਡ ਚੱਕ ਖੇਵਾ ਢਾਣੀ ਨੇੜੇ ਸ਼ੱਕੀ ਖੇਤਾਂ ਬਾਰੇ ਪਤਾ ਲੱਗਿਆ, ਜਿਸ ਤੋਂ ਬਾਅਦ ਉਨ੍ਹਾਂ ਉਕਤ ਜਗ੍ਹਾ 'ਤੇ ਛਾਪਾ ਮਾਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਪੰਜਾਬ ਪੁਲਿਸ ਵਲੋਂ ਉਸ ਨੂੰ ਅੱਜ ਫਾਜ਼ਿਲਕਾ ਦੀ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਉਕਤ ਜਗ੍ਹਾ 'ਤੇ ਕਿੰਨੇ ਸਮੇਂ ਤੋਂ ਖੇਤੀ ਕਰਦਾ ਆ ਰਿਹਾ ਹੈ|
ਦੱਸ ਦਈਏ ਕਿ ਜਦੋਂ ਟੀਮ ਉਕਤ ਖੇਤ 'ਚ ਪਹੁੰਚੀ ਤਾਂ ਦੇਖਿਆ ਜਿਥੇ ਜਿਥੇ ਅਫੀਮ ਦੀ ਫਸਲ ਉਗਾਈ ਗਈ ਸੀ, ਉਥੇ ਸਰ੍ਹੋਂ ਦੀ ਫਸਲ ਦੇ ਪੌਦੇ ਵੀ ਲਗਾਏ ਗਏ ਸਨ। ਤਾਂ ਜੋ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਟੀਮ ਨੇ ਕਾਬੂ ਕੀਤੇ ਮੁਲਜ਼ਮਾਂ ਦੇ ਖੇਤ ਵਿਚੋਂ ਅਫੀਮ ਦੇ ਸਾਰੇ ਬੂਟੇ ਪੁੱਟ ਦਿਤੇ। ਮੌਕੇ ਤੋਂ ਕੁੱਲ 14.470 ਕਿਲੋ ਅਫੀਮ ਦੇ ਬੂਟੇ ਬਰਾਮਦ ਕੀਤੇ ਗਏ।
(For more Punjabi news apart from Punjab News Opium cultivation caught near the international border, stay tuned to Rozana Spokesman)