
ASI ਨੇ ਮੰਗੀ ਮਾਫ਼ੀ
ਰੂਪਨਗਰ: ਖਾਕੀ ਵਰਦੀ ਇੱਜ਼ਤਾਂ ਦੀ ਰਾਖੀ ਕਰਨ ਦੀ ਸੰਹੁ ਖਾਂਦੀ ਹੈ ਪਰ ਜੇਕਰ ਇਹ ਖਾਕੀ ਵਰਦੀ ਵਾਲੇ ਹੀ ਇੱਜ਼ਤ ਨੂੰ ਹੱਥ ਪਾ ਲੈਣ ਤਾਂ ਫੇਰ ਵਾੜ ਵਲੋਂ ਹੀ ਖੇਤ ਨੂੰ ਖਾਧੇ ਜਾਣ ਵਾਲੀ ਸਥਿਤੀ ਬਣ ਜਾਂਦੀ ਹੈ। ਅਜਿਹੀ ਹੀ ਇਕ ਘਟਨਾ ਰੂਪਨਗਰ ਤੋਂ ਸਾਹਮਣੇ ਆਈ ਹੈ ਜਿਥੇ ਇਕ ASI ਨੇ ਇਕ ਕੁੜੀ ਨਾਲ ਛੇੜਖਾਨੀ ਕਰ ਦਿਤੀ, ਜਿਸ ਤੋਂ ਬਾਅਦ ਗੁੱਸੇ ਵਿਚ ਭੜਕੇ ਲੋਕਾਂ ਨੇ ਏਐਸਆਈ ਦੀ ਕੁੱਟਮਾਰ ਕੀਤੀ ਤੇ ਇਕ ਨੌਜਵਾਨ ਨੇ ਗੁੱਸੇ ਵਿਚ ਏਐਸਆਈ ਦੇ ਥੱਪੜ ਵੀ ਮਾਰ ਦਿਤਾ।
Allegations of molestation of a girl on ASI in Rupnagar
ਦਰਅਸਲ, ਨਰਸਿੰਗ ਦੀ ਪੜ੍ਹਾਈ ਕਰਨ ਵਾਲੀ ਰੂਪਨਗਰ ਵਾਸੀ ਵਿਦਿਆਰਥਣ ਚੰਡੀਗੜ੍ਹ ਤੋਂ ਰੂਪਨਗਰ ਜਾਣ ਲਈ ਪੰਜਾਬ ਰੋਡਵੇਜ਼ ਦੀ ਬੱਸ ਵਿਚ ਸਵਾਰ ਸੀ ਤਾਂ ਸਿਵਲ ਵਰਦੀ ਵਿਚ ਏਐਸਆਈ ਉਸ ਦੇ ਨਾਲ ਵਾਲੀ ਸੀਟ ’ਤੇ ਆ ਕੇ ਬੈਠ ਗਿਆ ਤੇ ਲੜਕੀ ਨਾਲ ਛੇੜਖਾਨੀ ਕਰਨ ਲੱਗਾ। ਲੜਕੀ ਨੇ ਏਐਸਆਈ ਨੂੰ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਪਰ ਉਹ ਨਾ ਹਟਿਆ। ਜਿਸ ਤੋਂ ਬਾਅਦ ਲੜਕੀ ਨੇ ਅਪਣੇ ਭਰਾ ਨੂੰ ਮੈਸੇਜ ਕਰ ਦਿਤਾ।
ਇਸ ਤੋਂ ਬਾਅਦ ਲੜਕੀ ਦੇ ਰਿਸ਼ਤੇਦਾਰਾਂ ਨੇ ਉਸ ਏਐਸਆਈ ਨੂੰ ਬੱਸ ਸਟੈਂਡ ’ਤੇ ਫੜ੍ਹ ਲਿਆ ਅਤੇ ਇਸ ਬਾਰੇ ਪੁਲਿਸ ਨੂੰ ਸੂਚਨਾ ਦੇ ਦਿਤੀ। ਇਸ ਦੌਰਾਨ ਗੁੱਸੇ ਵਿਚ ਆਏ ਲੋਕਾਂ ਨੇ ਏਐਸਆਈ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ, ਜਿਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਪਰ ਬਾਅਦ ਵਿਚ ASI ਵਲੋਂ ਮਾਫ਼ੀ ਮੰਗਣ 'ਤੇ ਕੁੜੀ ਵਾਲਿਆਂ ਨੇ ਸ਼ਿਕਾਇਤ ਵਾਪਿਸ ਲੈ ਲਈ।
ਬੇਸ਼ੱਕ ਕੁੜੀ ਦੇ ਪਰਵਾਰ ਵਲੋਂ ਸ਼ਿਕਾਇਤ ਵਾਪਿਸ ਲੈ ਲਈ ਗਈ ਪਰ ASI ਵਲੋਂ ਕੀਤੀ ਗਈ ਇਹ ਹਰਕਤ ਬਹੁਤ ਸ਼ਰਮਨਾਕ ਹੈ ਜੇਕਰ ਪੁਲਿਸ ਵਾਲੇ ਹੀ ਅਜਿਹੇ ਕੰਮ ਕਰਨ ਲੱਗ ਪਏ ਤਾਂ ਕੁੜੀਆਂ ਨਾਲ ਜ਼ਬਰਦਸਤੀ ਕਰਨ ਵਾਲਿਆਂ ਅਤੇ ਕੁੜੀਆਂ ਦੀ ਇੱਜ਼ਤ ਰੋਲਣ ਵਾਲਿਆਂ ਦੇ ਹੌਂਸਲੇ ਵੱਧ ਜਾਣਗੇ।