
ਦੀਪਕ ਸ਼ਰਮਾ ਵਿਰੁਧ ਛੇੜ-ਛਾੜ ਦੀ ਹਰਕਤ ਦੀ ਸ਼ਿਕਾਇਤ 2 ਜਨਵਰੀ ਨੂੰ ਦਰਜ ਕਰਵਾਈ ਗਈ
ਐਬਟਸਫੋਰਡ : ਇੰਡੀਆ ਕੈਨੇਡਾ ਐਸੋਸੀਏਸ਼ਨ ਦਾ ਆਪੂ ਬਣਿਆ ਪ੍ਰਧਾਨ ਅਤੇ ਐਬਟਸਫੋਰਡ ਹਿੰਦੂ ਮੰਦਰ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ ਗਿਆ ਦੀਪਕ ਸ਼ਰਮਾ, ਜੋ ਇਕ ਟੈਕਸੀ ਵਿਚ ਅਪਣੀ ਸਵਾਰੀ ਔਰਤ ਨਾਲ ਛੇੜਛਾੜ ਕਰਨ ਦੇ ਮਾਮਲੇ ਸਬੰਧੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸ ਸਬੰਧੀ ਨਾਰਥ ਵੈਨਕੂਵਰ ਪ੍ਰੋਵਿੰਸ਼ਲ ਕੋਰਟ ਵਿਚ 20 ਮਾਰਚ ਨੂੰ ਹੋਈ ਕਾਰਵਾਈ ਅਧੀਨ ਅਗਲੀ ਪੇਸ਼ੀ 17 ਅਪਰੈਲ ਨੂੰ ਕੀਤੇ ਜਾਣ ਸਬੰਧੀ ਜੱਜ ਵਲੋਂ ਹੁਕਮ ਦਿਤਾ ਗਿਆ ਹੈ।
ਵੈਸਟ ਵੈਨਕੂਵਰ ਪੁਲਿਸ ਮੁਤਾਬਕ ਦੀਪਕ ਸ਼ਰਮਾ ਨੂੰ ਅਪਣੀ ਟੈਕਸੀ ਵਿਚ ਸਵਾਰ ਇਕ ਔਰਤ ਨਾਲ ਜ਼ਬਰਦਸਤੀ ਅਤੇ ਜਿਸਮਾਨੀ ਛੇੜ-ਛਾੜ ਕਰਨ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਪੈਂਦੇ ਦੋਰਾਹਾ ਸ਼ਹਿਰ ਨਾਲ ਸਬੰਧਤ ਦੀਪਕ ਸ਼ਰਮਾ ਉੱਪਰ ਛੇੜ-ਛਾੜ ਦੇ ਦੋਸ਼ ਲੱਗਣ ਤੋਂ ਬਾਅਦ ਫਰੇਜ਼ਰ ਵੈਲੀ ਹਿੰਦੂ ਕਲਚਰਲ ਸੁਸਾਇਟੀ ਵਲੋਂ ਕੀਤੀ ਗਈ ਹੰਗਾਮੀ ਮੀਟਿੰਗ ਵਿਚ, ਦੀਪਕ ਸ਼ਰਮਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਲਾਂਭੇ ਕਰ ਦਿਤਾ ਗਿਆ ਸੀ,
ਉਧਰ ਛੇੜਛਾੜ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਦੀਪਕ ਨੇ ਅਜਿਹੀ ਕਿਸੇ ਘਟਨਾ ਤੋਂ ਇਨਕਾਰ ਕੀਤਾ ਹੈ। ਇਸ ਦੌਰਾਨ ਸ਼ਰਮਾ ਦਾ ਵੈਸਟ ਵੈਨਕੂਵਰ 'ਚ ਟੈਕਸੀ ਪਰਮਿਟ ਵੀ, ਜਿਸਮਾਨੀ ਛੇੜਛਾੜ ਦੇ ਚਾਰਜ ਲੱਗਣ ਮਗਰੋਂ ਵਾਪਸ ਲੈ ਲਿਆ ਗਿਆ ਹੈ। ਦੱਸਣਯੋਗ ਹੈ ਕਿ ਦੀਪਕ ਸ਼ਰਮਾ ਵਿਰੁਧ ਛੇੜ-ਛਾੜ ਦੀ ਹਰਕਤ ਦੀ ਸ਼ਿਕਾਇਤ 2 ਜਨਵਰੀ ਨੂੰ ਦਰਜ ਕਰਵਾਈ ਗਈ ਅਤੇ ਉਸ ਨੂੰ 17 ਜਨਵਰੀ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਵਲੋਂ ਚਾਰਜ ਕੀਤਾ ਗਿਆ,
ਪਰ ਉਸ ਨੇ 10 ਫਰਵਰੀ ਨੂੰ ਅਪਣੀ ਸੰਸਥਾ ਇੰਡੀਆ- ਕੈਨੇਡਾ ਐਸੋਸੀਏਸ਼ਨ ਵਲੋਂ ਲੈਂਗਲੀ ਬੈਂਕੁਟ ਹਾਲ 'ਚ ਭਾਰਤ ਦਾ ਗਣਤੰਤਰਤਾ ਦਿਵਸ ਪ੍ਰੋਗਰਾਮ ਕੀਤਾ, ਜਿਸ ਵਿਚ ਵੈਨਕੂਵਰ ਸਥਿਤ ਭਾਰਤੀ ਸਫਾਰਤਖਾਨੇ ਤੋਂ ਕੌਂਸਲ ਜਨਰਲ ਐਬਸਫੋਰਡ ਦੇ ਵਿਧਾਇਕ, ਮੇਅਰ, ਪੁਲਿਸ ਮੁਖੀ ਅਤੇ ਹੋਰ ਅਹਿਮ ਵਿਅਕਤੀ ਉਸ ਦੇ ਸੱਦੇ 'ਤੇ ਜਸ਼ਨ ਵਿਚ ਸ਼ਾਮਲ ਹੋਏ ਸਨ। ਇਕ ਔਰਤ ਨਾਲ ਜਿਸਮਾਨੀ ਛੇੜ-ਛਾੜ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਉਤੇ ਚਾਰਜ ਲੱਗਣ ਤੋਂ ਬਾਅਦ ਵੀ ਇਨ੍ਹਾਂ ਨੇਤਾਵਾਂ ਦੀਆਂ ਤਸਵੀਰਾਂ ਸਾਹਮਣੇ ਆਉਣੀਆਂ, ਤਿੱਖੇ ਵਿਵਾਦਾਂ ਦੇ ਘੇਰੇ ਵਿਚ ਹੈ।
ਭਰੋਸੇਯੋਗ ਸੂਤਰਾਂ ਮੁਤਾਬਕ ਦੀਪਕ ਸ਼ਰਮਾ ਦੇ ਕਈ ਭਾਰਤੀ ਮੰਤਰੀਆਂ ਅਤੇ ਦਿੱਲੀ ਸਥਿਤ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਨੇੜਲੇ ਸਬੰਧ ਦੱਸੇ ਜਾਂਦੇ ਹਨ, ਜਿਨ੍ਹਾਂ ਦੇ ਆਧਾਰ 'ਤੇ ਉਹ ਭਾਜਪਾ ਅਤੇ ਆਰ.ਐਸ.ਐਸ. ਵਿਰੁਧ ਬੋਲਣ ਵਾਲੇ ਵਿਅਕਤੀਆਂ ਦੇ ਵੀਜ਼ੇ ਰੁਕਵਾਉਣ ਦੀਆਂ ਸਾਜ਼ਿਸ਼ਾਂ ਨੂੰ ਅੰਜਾਮ ਦਿੰਦਾ ਹੈ। ਇਸ ਦੌਰਾਨ ਟੈਕਸੀ ਇੰਡਸਟਰੀ ਨਾਲ ਸਬੰਧਿਤ ਲੋਕਾਂ ਨੇ ਇਸ ਘਟਨਾ ਨੂੰ ਸ਼ਰਮਨਾਕ ਅਤੇ ਨਮੋਸ਼ੀਜਨਕ ਕਰਾਰ ਦਿੰਦਿਆਂ, ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਭਰੋਸੇਯੋਗ ਸੂਤਰਾਂ ਮੁਤਾਬਕ ਇਸ ਤੋਂ ਪਹਿਲਾਂ ਵੀ ਆਈਸੀਬੀਸੀ ਨਾਲ ਫਰਾਡ ਕਰਨ ਅਤੇ ਧੋਖਾਧੜੀ ਦੇ ਗੰਭੀਰ ਮਾਮਲੇ ਵਿਚ ਦੀਪਕ ਸ਼ਰਮਾ ਵਿਵਾਦਾਂ ਵਿਚ ਘਿਰਿਆ ਰਿਹਾ ਹੈ। ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੰਦਰ ਦੇ ਸਾਬਕਾ ਪ੍ਰਧਾਨ ਦੀਪਕ ਸ਼ਰਮਾ ਦੀ ਅਗਲੀ ਪੇਸ਼ੀ 17 ਅਪਰੈਲ ਨੂੰ ਹੋਵੇਗੀ।