
ਹਮਖਿਆਲੀ ਅਤੇ ਪੰਥਕ ਧਿਰਾਂ ਨਾਲ ਸੰਪਕਰ ਸਾਧਣ ਦਾ ਐਲਾਨ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅਲਹਿਦਾ ਹੋ ਕੇ ਵੱਖੋ-ਵੱਖਰੀਆਂ ਪਾਰਟੀਆਂ ਬਣਾਉਣ ਵਾਲੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਕੇ ਪੰਜਾਬ ਦੀ ਸਿਆਸਤ ਵਿਚ ਭੂਚਾਲ ਲਿਆ ਦਿੱਤਾ ਹੈ। ਦੋਵਾਂ ਆਗੂਆਂ ਦੇ ਇਕ ਝੰਡੇ ਹੇਠ ਆਉਣ ਬਾਅਦ ਪੰਜਾਬ ਅੰਦਰ ਤੀਜਾ ਫਰੰਟ ਬਣਨ ਦੀਆਂ ਸੰਭਾਵਨਾਵਾਂ ਨੂੰ ਬਲ ਮਿਲਣ ਦੇ ਆਸਾਰ ਹਨ। ਨਵੀਂ ਪਾਰਟੀ ਬਣਾਉਣ ਸਬੰਧੀ ਐਲਾਨ ਅੱਜ ਦੋਵਾਂ ਪਾਰਟੀਆਂ ਦੇ ਆਗੂਆਂ ਵਲੋਂ ਕੀਤਾ ਗਿਆ ਹੈ।
Sukhdev Dhindsa
ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਨੂੰ ਇਕ ਝੰਡੇ ਹੇਠ ਲਿਆਉਣ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਇਸ ਸਬੰਧੀ ਤਿੰਨ ਤਿੰਨ ਮੈਂਬਰੀ ਕਮੇਟੀਆਂ ਨੇ ਉਨ੍ਹਾਂ ਦੋਨਾਂ ਨੂੰ ਇਹ ਅਧਿਕਾਰ ਦਿੱਤੇ ਹਨ ਕਿ ਉਹ ਦੋਨੋਂ ਪੁਰਾਣੀਆਂ ਪਾਰਟੀਆਂ ਭੰਗ ਕਰਕੇ ਨਵੀਂ ਪਾਰਟੀ ਬਣਾ ਲੈਣ। ਇਨ੍ਹਾਂ ਦੋਨੋਂ ਆਗੂ ਪਾਰਟੀ ਵਿਚ ਨਵੇਂ ਅਹੁਦੇਦਾਰ ਵੀ ਨਿਯੁਕਤ ਕਰ ਸਕਦੇ ਹਨ ।
Ranjit Singh Brahmpura
ਜਾਣਕਾਰੀ ਮੁਤਾਬਕ ਸਾਬਕਾ ਵਿਧਾਇਕ ਤੇ ਅਕਾਲੀ ਦਲ ਡੈਮੋਕ੍ਰੇਟਿਕ ਦੇ ਸੀਨੀਅਰ ਨੇਤਾ ਰਣਜੀਤ ਸਿੰਘ ਤਲਵੰਡੀ ਦੀ ਸੈਕਟਰ-39 ਸਥਿਤ ਰਿਹਾਇਸ਼ ਵਿਖੇ ਦੋਹਾਂ ਪਾਰਟੀਆਂ ਦੀਆਂ ਏਕਤਾ ਕਮੇਟੀਆਂ ਦੀ ਮੀਟਿੰਗ ਹੋਈ। ਇਸ ਤੋਂ ਬਾਅਦ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਪ੍ਰੈਸ ਕਾਨਫ਼ਰੰਸ ਕੀਤੀ ਗਈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਵੇਗਾ।
Ranjit Singh Brahmpura - Sukhdev Dhindsa
ਇਸ ਪਾਰਟੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਹੋਣਗੇ, ਜਦੋਂ ਕਿ ਰਣਜੀਤ ਸਿੰਘ ਬ੍ਰਹਮਪੁਰਾ ਸਰਪ੍ਰਸਤ ਹੋਣਗੇ। ਇਸ ਮੌਕੇ ਬ੍ਰਹਮਪੁਰਾ ਤੇ ਢੀਂਡਸਾ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਖ਼ਿਲਾਫ਼ ਨਹੀਂ ਹਨ, ਸਗੋਂ ਇਸ ਪਾਰਟੀ 'ਤੇ ਕਾਬਜ਼ ਸ. ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਹਨ। ਉਨ੍ਹਾਂ ਕਿਹਾ ਕਿ ਉਹ ਸੁਖਬੀਰ ਨੂੰ ਹਰਾਉਣ ਲਈ ਆਮ ਆਦਮੀ ਪਾਰਟੀ, ਬਸਪਾ ਅਤੇ ਹੋਰ ਪੰਥਕ ਪਾਰਟੀਆਂ ਨਾਲ ਵੀ ਗੱਲਬਾਤ ਕਰਨਗੇ।
Parminder Singh Dhindsa-Sukhpal Khaira-Sukhdev Singh Dhindsa
ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਤੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਇਕ ਪਾਰਟੀ ਅੰਦਰ ਤਬਦੀਲ ਹੋਣ ਬਾਅਦ ਪੰਜਾਬ ਅੰਦਰ ਵੱਡਾ ਸਿਆਸੀ ਫਰੰਟ ਬਣਨ ਦੇ ਆਸਾਰ ਬਣ ਗਏ ਹਨ। ਇਸ ਤੋਂ ਬਾਅਦ ਹੋਰ ਕਈ ਆਗੂ ਪੰਜਾਬ ਦੀ ਸੱਤਾ ’ਤੇ ਵਾਰੋ-ਵਾਰੀ ਕਾਬਜ਼ ਰਹੀਆਂ ਧਿਰਾਂ ਨੂੰ ਲਾਭੇ ਕਰਨ ਲਈ ਇਕ ਮੰਚ 'ਤੇ ਇਕੱਠੇ ਹੋ ਸਕਦੇ ਹਨ।